ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ
ਪੱਤਰ ਪ੍ਰੇਰਕ
ਸਮਰਾਲਾ, 17 ਜੂਨ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਕੂਲ ਆਫ ਐਮੀਨੈਂਸ ਸਮਰਾਲਾ ਵਿੱਚ ਹੋਈ। ਇਕੱਤਰਤਾ ਦੇ ਆਰੰਭ ਵਿੱਚ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਸਭਾ ਦੇ ਮੁੱਢਲੇ ਮੈਂਬਰ ਕਹਾਣੀਕਾਰ ਸੰਦੀਪ ਸਮਰਾਲਾ ਦੀ ਪਲੇਠੀ ਕਹਾਣੀ ਪੁਸਤਕ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਦੇ ਛਪ ਜਾਣ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਉਨ੍ਹਾਂ ਦੇ ਨਾਵਲ ‘ਟਾਕੀਆਂ ਵਾਲਾ ਪਜਾਮਾ’ ਦਾ ਸਨਮਾਨ ਹੋਣ ’ਤੇ ਸਮੁੱਚੀ ਸਭਾ ਵੱਲੋਂ ਮੁਬਾਰਕਬਾਦ ਦਿੱਤੀ ਗਈ।
ਰਚਨਾਵਾਂ ਦੇ ਦੌਰ ਵਿੱਚ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ, ਦੀਪ ਦਿਲਬਰ, ਜੁਆਲਾ ਸਿੰਘ ਥਿੰਦ, ਅਨਿਲ ਫਤਹਿਗੜ੍ਹ ਜੱਟਾਂ, ਬਲਵੰਤ ਮਾਂਗਟ ਤੇ ਅਜਮੇਰ ਸਿੰਘ ਸਿੱਧੂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਮਗਰੋਂ ਐਡਵੋਕੇਟ ਨਰਿੰਦਰ ਸ਼ਰਮਾ, ਬਲਵਿੰਦਰ ਸਿੰਘ ਗਰੇਵਾਲ, ਗੁਰਭਗਤ ਸਿੰਘ, ਸੰਦੀਪ ਸਮਰਾਲਾ ਤੇ ਹੋਰ ਸਾਥੀਆਂ ਨੇ ਪੰਜਾਬ ਵੱਲੋਂ ਹੰਢਾਏ ਗਏ ਕਾਲੇ ਦੌਰ ਦੌਰਾਨ ਸਰਕਾਰਾਂ ਅਤੇ ਆਮ ਬੰਦੇ ਦੇ ਟਕਰਾਅ ਦੀ ਕਹਾਣੀ ਪੇਸ਼ ਕਰਨ ਲਈ ਅਜਮੇਰ ਸਿੱਧੂ ਨੂੰ ਮੁਬਾਰਕਬਾਦ ਦਿੱਤੀ। ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਮਨੁੱਖ ਨੂੰ ਗਾਜ ਬਦਲਣ ਦੀ ਨਹੀਂ ਬਲਕਿ ਸੋਚ ਬਦਲਣ ਦੀ ਲੋੜ ਹੁੰਦੀ ਹੈ। ਸਮੇਂ ਦੇ ਨਾਲ ਨਾਲ ਬੰਦੇ ਦੇ ਕੰਮ, ਸੋਚ, ਨਜ਼ਰੀਆ ਅਤੇ ਉਹਦੀਆਂ ਵਿਆਖਿਆਵਾਂ ਬਦਲਦੀਆਂ ਹਨ, ਅਖੀਰ ਉਨ੍ਹਾਂ ਮੀਟਿੰਗ ਵਿੱਚ ਆਏ ਸਾਥੀਆਂ ਦਾ ਧੰਨਵਾਦ ਕੀਤਾ। ਇਕੱਤਰਤਾ ਦਾ ਸਮੁੱਚੀ ਕਾਰਵਾਈ ਯਤਿੰਦਰ ਕੌਰ ਮਾਹਲ ਵੱਲੋਂ ਬਾਖੂਬੀ ਨਿਭਾਈ ਗਈ।