ਸਾਹਿਤ ਮਹਿਜ਼ ਕਲਪਨਾ ਨਹੀਂ ਹੁੰਦਾ
ਸਿਮਰਨ ਧਾਲੀਵਾਲ
ਕਹਾਣੀ ਲਿਖਣਾ ਮੇਰੇ ਲਈ ਮੁਹੱਬਤ ਕਰਨ ਵਰਗਾ ਅਹਿਸਾਸ ਹੈ। ਜਦੋਂ ਕੋਈ ਕਹਾਣੀ ਮੇਰੇ ਕੋਲ ਲਿਖੀ ਜਾਵੇ ਤੇ ਖ਼ਾਸਕਰ ਜਦੋਂ ਮੈਨੂੰ ਖ਼ੁਦ ਨੂੰ ਲਿਖ ਕੇ ਤਸੱਲੀ ਹੋ ਗਈ ਹੋਵੇ, ਉਦੋਂ ਇਹ ਅਹਿਸਾਸ ਹੋਰ ਵੀ ਮਿੱਠਾ ਤੇ ਪਿਆਰਾ ਲੱਗਦਾ ਹੈ। ਚੁਫ਼ੇਰੇ ਵਿਚਰਦੇ ਅਨੇਕਾਂ ਪਾਤਰ ਮੈਨੂੰ ਆਪਣੀ ਕਥਾ ਕਹਿਣ ਲਈ ਉਕਸਾਉਂਦੇ ਹਨ। ਆਪਣੀਆਂ ਕਹਾਣੀਆਂ ਵਿੱਚ ਮੈਂ ਹਮੇਸ਼ਾ ਲੋਕਾਂ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਦੁੱਖਾਂ-ਸੁੱਖਾਂ ਦੀ ਗੱਲ ਕੀਤੀ ਹੈ। ਮੈਨੂੰ ਇਹ ਲੱਗਦਾ ਹੈ ਇਹ ਦੁਨੀਆ ਪਿਛਲੇ ਦੋ ਸੌ ਸਾਲਾਂ ਵਿੱਚ ਉਸ ਕਦਰ ਨਹੀਂ ਸੀ ਬਦਲੀ ਜਿੰਨੀ ਤੇਜ਼ੀ ਨਾਲ ਇਹ ਪਿਛਲੇ ਢਾਈ-ਤਿੰਨ ਦਹਾਕਿਆਂ ਵਿੱਚ ਬਦਲੀ ਹੈ। ਇਹ ਬਦਲਾਅ ਬੜਾ ਭਿਆਨਕ ਵੀ ਹੈ। ਬਾਜ਼ਾਰ ਸਾਡੀਆਂ ਬਰੂਹਾਂ ਛੱਡ ਸਾਡੀਆਂ ਸੁਪਨਗਾਹਾਂ ਤੀਕ ਆ ਵੜਿਆ ਹੈ। ਇਸ ਡਾਢੇ ਸਮੇਂ ਵਿੱਚ ‘ਬੰਦਾ’ ਵੀ ਬਦਲਿਆ ਹੈ। ਉਹ ਦੌੜਨ ਲੱਗਾ ਹੈ, ਸਰਪਟ। ਉਸ ਦੇ ਸੁਪਨੇ ਬਦਲੇ ਹਨ। ਉਸ ਦੇ ਸਾਹਵੇਂ ਇੱਕ ਟ੍ਰੈਕ ਹੈ ਜਿਸ ਉਪਰ ਉਸ ਨੇ ਦੌੜਨਾ ਹੈ ਤੇ ਸਾਰਿਆਂ ਨੂੰ ਪਿੱਛੇ ਛੱਡ ਦੇਣਾ ਹੈ। ਇਸ ਯੁੱਗ ਦਾ ਬੰਦਾ ਸੰਵੇਦਨਹੀਣ ਹੋ ਰਿਹਾ ਹੈ। ਮੈਂ ਆਪਣੀਆਂ ਕਹਾਣੀਆਂ ਵਿੱਚ ਉਸੇ ਨਵੇਂ ਬੰਦੇ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਜਿਸ ਨੇ ਜ਼ਿੰਦਗੀ ਦੀ ਇੱਕ ਨਵੀਂ ਪਰਿਭਾਸ਼ਾ ਸਿਰਜ ਲਈ ਹੈ।
ਮੇਰੇ ਪਾਤਰ ਆਮ ਜ਼ਿੰਦਗੀ ਵਿੱਚੋਂ ਆਉਂਦੇ ਹਨ। ਉਹ ਆਮ ਬੰਦੇ ਜਿਨ੍ਹਾਂ ਨੂੰ ‘ਨਿੱਤ ਖੂਹ ਪੁੱਟ ਪਾਣੀ ਪੀਣਾ ਪੈਂਦਾ ਹੈ’। ਜਿਹੜੇ ਲੜਦੇ ਹਨ। ਭਿੜਦੇ ਹਨ। ਜ਼ਿੰਦਗੀ ਦੇ ਇਸ ਸਫ਼ਰ ਵਿੱਚ ਜਿਨ੍ਹਾਂ ਸਾਹਮਣੇ ਅਨੇਕਾਂ ਚੁਣੌਤੀਆਂ ਹਨ। ਮੇਰੇ ਅਜਿਹੇ ਪਾਤਰ ਸ਼ਹਿਰੀ ਵੀ ਹਨ। ਪੇਂਡੂ ਵੀ। ਪੜ੍ਹੇ-ਲਿਖੇ ਵੀ ਤੇ ਅਨਪੜ੍ਹ ਵੀ। ਮੇਰੇ ਬਹੁਤੇ ਪਾਤਰ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ। ਉਨ੍ਹਾਂ ਦਾ ਆਪਣਾ ਹੀ ਇੱਕ ਹਿੱਸਾ ਉਨ੍ਹਾਂ ਕੋਲੋਂ ਜੋ ਕਰਵਾਉਂਦਾ ਹੈ, ਉੱਥੇ ਨਾਲ ਹੀ ਦੂਜਾ ਹਿੱਸਾ ਉਨ੍ਹਾਂ ਨੂੰ ਉਸੇ ਕੰਮ ਤੋਂ ਰੋਕਦਾ ਹੈ। ਭਾਵ ਮੇਰੇ ਪਾਤਰ ਦੂਹਰੀ ਮਨੋ-ਸਥਿਤੀ ਨਾਲ ਜੂਝਦੇ ਹਨ। ਇਹੀ ਅਜੋਕੇ ਬੰਦੇ ਦਾ ਸੰਤਾਪ ਹੈ ਤੇ ਨਿਸ਼ਾਨੀ ਵੀ। ਉਹ ਖ਼ੁਦ ਹੀ ਖ਼ੁਦ ਨੂੰ ਦੋ ਹਿੱਸਿਆਂ ਵਿੱਚ ਵੰਡੀ ਬੈਠਾ ਹੈ। ਮੈਂ ਜਦੋਂ ਵੀ ਕੋਈ ਕਹਾਣੀ ਲਿਖਦਾ ਹਾਂ ਤਾਂ ਮੇਰੇ ਸਾਹਮਣੇ ਕੋਈ ਸਮੱਸਿਆ ਪਹਿਲੇ ਨੰਬਰ ’ਤੇ ਹੁੰਦੀ ਹੈ। ਉਸ ਸਮੱਸਿਆ ਜਾਂ ਸਥਿਤੀ ਦਾ ਮਨ ਉਪਰ ਕੀ ਅਸਰ ਹੋਵੇਗਾ ਤੇ ਉਸ ਅਸਰ ਦੇ ਸਿੱਟੇ ਵਜੋਂ ਬੰਦਾ ਕੀ ਪ੍ਰਤੀਕਿਰਿਆ ਕਰੇਗਾ, ਮੈਂ ਇਹ ਲੱਭਣ ਜਾਂ ਫੜਨ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਬਹੁਤੀਆਂ ਕਹਾਣੀਆਂ ਵਿੱਚ ਪਿੰਡਾਂ ਨੂੰ ਚਿਤਰਿਆ ਹੈ। ਇਸ ਦਾ ਕਾਰਨ ਸ਼ਾਇਦ ਮੇਰਾ ਪਿਛੋਕੜ ਪੇਂਡੂ ਹੈ ਤੇ ਪੇਂਡੂ ਪਾਤਰ ਮੇਰੀ ਸਮਝ ਵਿੱਚ ਵੱਧ ਆਉਂਦੇ ਹਨ। ਨਾਲ ਹੀ ਮੈਂ ਬਦਲ ਰਹੇ ਪਿੰਡਾਂ ਨੂੰ ਵੀ ਆਪਣੀਆਂ ਕਹਾਣੀਆਂ ਰਾਹੀਂ ਸਮਝਣ ਤੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਵਿਸ਼ਵੀਕਰਨ ਦੀ ਹਵਾ ਬੜੀ ਤੇਜ਼ੀ ਨਾਲ ਵਗ ਰਹੀ ਹੈ ਤਾਂ ਇਸ ਦਾ ਅਸਰ ਪਿੰਡਾਂ ਉਪਰ ਹੋਣਾ ਵੀ ਸੁਭਾਵਿਕ ਹੈ। ਪਿੰਡਾਂ ਦੇ ਲੋਕਾਂ ਦਾ ਜਿਊਣ ਢੰਗ ਬਦਲ ਗਿਆ ਹੈ ਤੇ ਨਿਰੰਤਰ ਬਦਲ ਰਿਹਾ ਹੈ। ਮੇਰੀ ਕਹਾਣੀ ‘ਕੇਂਦਰ ਬਿੰਦੂ’ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿਵੇਂ ਪੂੰਜੀਵਾਦ ਪਿੰਡਾਂ ਤੀਕ ਪਹੁੰਚਿਆ ਹੈ। ਜ਼ਮੀਨਾਂ ਕਿਸਾਨਾਂ ਕੋਲੋਂ ਖੁੱਸ ਕੇ ਕਿਵੇਂ ਧਨਾਢ ਵਪਾਰੀਆਂ ਦੇ ਹੱਥਾਂ ਵਿੱਚ ਜਾ ਰਹੀਆਂ ਹਨ। ਅਖੌਤੀ ਤਰੱਕੀ ਦੇ ਨਾਮ ’ਤੇ ਕਿਵੇਂ ਬੰਦੇ ਕੋਲੋਂ ਉਸ ਦਾ ਸੁਖ ਚੈਨ ਖੋਹ ਕੇ ਉਸ ਨੂੰ ‘ਮਸ਼ੀਨ’ ਬਣਾਉਣ ਦੀਆਂ ਕੋਝੀਆਂ ਚਾਲਾਂ ਇਸ ‘ਆਲਮੀ ਪਿੰਡ’ ਵਿੱਚ ਰਚੀਆਂ ਜਾਂਦੀਆਂ ਹਨ, ਇਹੀ ਇਸ ਕਹਾਣੀ ਦਾ ਕੇਂਦਰੀ ਨੁਕਤਾ ਹੈ।
ਆਲਮੀ ਪਿੰਡ ਦਾ ਮਨੁੱਖ ਹਰ ਤਰ੍ਹਾਂ ਨਾਲ ਬਦਲਿਆ ਹੈ। ਉਹ ਇਕੱਲਾ ਹੋ ਰਿਹਾ ਹੈ। ਉਸ ਨੂੰ ਇਕੱਲਿਆਂ ਸੰਚਾਰ ਸਾਧਨਾਂ ਨੇ ਵੀ ਕੀਤਾ ਹੈ। ਸ਼ੋੋਸਲ ਮੀਡੀਆ, ਇੰਟਰਨੈੱਟ ਤੇ ਇਸ ਨਾਲ ਜੁੜੀਆਂ ਹੋਰ ਚੀਜ਼ਾਂ ਨੇ ਸਾਡੀ ਜ਼ਿੰੰਦਗੀ ਵਿੱਚ ਵੱਡੀ ਸਪੇਸ ਆ ਮੱਲੀ ਹੈ। ਇਹ ਯੁੱਗ ਨੈੱਟ ਰਿਸ਼ਤਿਆਂ ਦਾ ਜੁੱਗ ਹੈ। ਕਹਿਣ ਨੂੰ ਸਾਡਾ ਰਾਬਤਾ ਵਧਿਆ ਹੈ, ਪਰ ਅਸਲ ਵਿੱਚ ਬੰਦਾ ਬੰੰਦੇ ਕੋਲੋਂ ਦੂਰ ਹੋ ਗਿਆ ਹੈ। ਉਸ ਦੇ ਮੂਹਰੇ ਇੱਕ ਭਰਮ ਜਾਲ ਹੈ। ਰਿਸ਼ਤਿਆਂ ਦੀਆਂ ਨਵੀਆਂ ਸਮੀਕਰਣਾਂ ਹਨ। ਕਹਾਣੀ ‘ਉਸ ਪਲ’ ਦੀ ਨਾਇਕਾ ਇਸੇ ਕੱਚ ਸੱਚ ਨੂੰ ਬਿਆਨ ਕਰਦੀ ਹੈ। ਬਾਜ਼ਾਰ ਕਿਵੇਂ ਸਾਡੇ ਮਨਾਂ ’ਤੇ ਹਾਵੀ ਹੋ ਰਿਹਾ ਹੈ, ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਇਸੇ ਦੁਆਲੇ ਘੁੰਮਦੀਆਂ ਹਨ।
ਕਹਾਣੀਆਂ ਪੜ੍ਹਦਿਆਂ ਕਈ ਵਾਰ ਕਈ ਪਾਠਕ ਪੁੱਛ ਲੈਂਦੇ ਹਨ, ‘‘ਆਹ ਜੀ ਫਲਾਈ ਕਹਾਣੀ ਹੈ ਜੋ ਤੁਹਾਡੀ ਆਪਣੀ ਹੈ?’’ ਮੈਂ ਮੁਸਕੁਰਾਉਂਦਾ ਹਾਂ। ਕੁਝ ਨੂੰ ਬੱਸ ਇਹ ਆਖ ਦਿੰਦਾ ਹਾਂ, ਜੀ ਨਹੀਂ। ਕੁਝ ਨੂੰ ਆਖਦਾ ਹਾਂ, ਹਰ ਕਹਾਣੀ ਲੇਖਕ ਦੀ ਆਪਣੀ ਨਹੀਂ ਹੁੰਦੀ ਪਰ ਹਰ ਕਹਾਣੀ ਵਿੱਚ ਲੇਖਕ ਜ਼ਰੂਰ ਮੌਜੂਦ ਹੁੰਦਾ ਹੈ। ਇਹੀ ਸੱਚ ਹੈ। ਸਾਹਿਤ ਮਹਿਜ਼ ਕਲਪਨਾ ਨਹੀਂ ਹੁੰਦਾ। ਇਹ ਜ਼ਿੰਦਗੀ ਦਾ ਪਰਛਾਵਾਂ ਹੁੰਦਾ ਹੈ। ...ਤੇ ਕੋਈ ਕਹਾਣੀ ਮੇਰੀ ਨਹੀਂ ਨਾ ਸਹੀ, ਕਿਸੇ ਦੀ ਤਾਂ ਹੁੰਦੀ ਹੈ। ਮਤਲਬ ਕਹਾਣੀ ਦੇ ਪਾਤਰ ਚੁਫ਼ੇਰੇ ਵਿਚਰਦੇ ਇਨਸਾਨ ਹੀ ਤਾਂ ਹੁੰਦੇ ਹਨ ਜਿਨ੍ਹਾਂ ਨਾਲ ਲੇਖਕ ਦਾ ਨਿੱਤ ਵਾਹ ਪੈਂਦਾ ਹੈ। ਲੇਖਕ ਜਿਨ੍ਹਾਂ ਨੂੰ ਦੇਖਦਾ ਹੈ। ਜਿਨ੍ਹਾਂ ਦਾ ਕੁਝ ਨਾ ਕੁਝ ਲੇਖਕ ਨੂੰ ਟੁੰਬ ਜਾਂਦਾ ਹੈ ਤੇ ਲੇਖਕ ਉਨ੍ਹਾਂ ਇਨਸਾਨਾਂ ਵਰਗਾ ਕੋਈ ਪਾਤਰ ਘੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਇੱਕ ਸੱਚ ਇਹ ਵੀ ਹੈ ਕਿ ਹਰ ਸ਼ਖ਼ਸ ਨੂੰ ਕਹਾਣੀਆਂ ਵਿੱਚ ਫੜਿਆ ਨਹੀਂ ਜਾ ਸਕਦਾ ਹੁੰਦਾ।
ਮੈਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਐਸੇ ਕੁਝ ਲੋਕ ਯਾਦ ਆਉਂਦੇ ਹਨ ਮੈਂ ਜਿਨ੍ਹਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਫੜਨ ਦੀ ਕੋਸ਼ਿਸ਼ ਕਈ ਵਾਰ ਕਰ ਚੁੱਕਿਆ ਹਾਂ, ਪਰ ਆਪਣੀ ਸਾਰੀ ਊਰਜਾ ਲਗਾ ਕੇ ਵੀ ਉਹ ਕਿਰਦਾਰ ਮੇਰੀ ਪਕੜ ਵਿੱਚ ਨਹੀਂ ਆਏ। ਇੱਕ ਨਹੀਂ ਕਈ ਵਾਰ ਮੈਂ ਕਾਗਜ਼ ਕਾਲੇ ਕਰ ਕੇ ਛੱਡ ਦਿੱਤੇ, ਪਰ ਉਨ੍ਹਾਂ ਪਾਤਰਾਂ ਨੂੰ ਮੈਂ ਕਾਗਜ਼ ’ਤੇ ਉਤਾਰ ਨਹੀਂ ਸਕਿਆ। ਉਨ੍ਹਾਂ ਵਿੱਚ ਸਭ ਤੋਂ ਪਹਿਲੇ ਨੰਬਰ ’ਤੇ ਆਉਂਦਾ ਹੈ ਫੁੱਫੜ ਸਵਰਮੀਤ ਸਿੰਘ ਦਾ ਪਾਤਰ। ਉਹ ਬੰਦਾ ਸਾਡੇ ਪਿੰਡ ਦਾ ਜਵਾਈ ਸੀ। ਵਿਆਹ ਪਿੱਛੋਂ ਉਹ ਸਹੁਰੇ ਆ ਕੇ ਵੱਸ ਗਿਆ। ਇਸੇ ਲਈ ਉਹ ਪੂਰੇ ਪਿੰਡ ਦਾ ਫੁੱਫੜ ਸੀ। ਭਲਿਆਂ ਵੇਲਿਆ ਵਿੱਚ ਜਦ ਰੇਡੀਓ ਤੇ ਫਿਰ ਬਲੈਕ ਐਂਡ ਵਾਈਟ ਟੀ.ਵੀ ਆਏ ਸਨ, ਉਸ ਵਰਗਾ ਕੋਈ ਟੀ.ਵੀ., ਰੇਡੀਓ ਦਾ ਮਕੈਨਿਕ ਨਹੀਂ ਸੀ। ਮੇਰੇ ਪਿਤਾ ਨਾਲ ਉਸ ਦੀ ਲਿਹਾਜ਼ ਸੀ। ਇਸ ਲਈ ਉਹ ਅਕਸਰ ਸਾਡੇ ਘਰ ਆਉਂਦਾ। ਅਸੀਂ ਉਦੋਂ ਬੱਚੇ ਸਾਂ। ਫੁੱਫੜ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਂਦਾ। ਮੇਰੇ ਹੱਥ ਉੱਤੇ ਪੈੱਨ ਨਾਲ ਮੋਰ ਘੁੱਗੀਆਂ ਬਣਾਉਂਦਾ। ...ਤੇ ਜਦੋਂ ਕਦੇ ਘਰ ਵਿੱਚ ਪਿਆ ਖਰਾਬ ਬਲੈਕ ਐਂਡ ਵਾਈਟ ਟੀ.ਵੀ. ਠੀਕ ਕਰ ਜਾਂਦਾ ਤਾਂ ਮੈਨੂੰ ਫੁੱਫੜ ਬੜਾ ਚੰਗਾ-ਚੰਗਾ ਲੱਗਦਾ। ਬਚਪਨ ਵੇਲੇ ਦੀਆਂ ਉਸ ਦੀਆਂ ਬਹੁਤੀਆਂ ਗੱਲਾਂ ਹੁਣ ਯਾਦ ਨਹੀਂ। ਜੋ ਯਾਦ ਹੈ ਬੱਸ ਧੁੰਦਲਾ ਜਿਹਾ। ਜਦੋਂ ਮੈਂ ਕਾਲਜ ਪੜ੍ਹਦਾ ਸੀ, ਉਨ੍ਹੀਂ ਦਿਨੀਂ ਹੀ ਮੇਰੀਆਂ ਬਾਲ ਕਹਾਣੀਆਂ ਤੇ ਮਿੰਨੀ ਕਹਾਣੀਆਂ ਅਖ਼ਬਾਰਾਂ ਵਿੱਚ ਛਪਦੀਆਂ ਸਨ। ਅਚਾਨਕ ਇੱਕ ਦਿਨ ਫੁੱਫੜ ਕੋਈ ਅਖ਼ਬਾਰ ਲੈ ਕੇ ਸਾਡੇ ਘਰ ਆਇਆ। ਮੇਰੇ ਨਾਲ ਛਪੀ ਹੋਈ ਮੇਰੀ ਰਚਨਾ ਬਾਰੇ ਗੱਲਾਂ ਕਰਨ ਲੱਗਾ। ਉਸ ਦਿਨ ਉਹਨੇ ਮੇਰੇ ਨਾਲ ਸੋਹਣ ਸਿੰਘ ਸੀਤਲ ਤੇ ਜਸਵੰਤ ਕੰਵਲ ਦੇ ਨਾਵਲਾਂ ਦੀਆਂ ਗੱਲਾਂ ਕੀਤੀਆਂ। ਉਸ ਦਿਨ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਸੀ ਕਿ ਫੁੱਫੜ ਸਾਹਿਤ ਵੀ ਪੜ੍ਹਦਾ ਹੈ। ਉਹ ਦਾਰੂ ਤਾਂ ਨਿੱਤ ਪੀਂਦਾ ਸੀ, ਪਰ ਜਿਸ ਦਿਨ ਲੋਰ ਉੱਠਦੀ ਉਹ ਸਾਡੇ ਘਰ ਆ ਜਾਂਦਾ। ਸਾਹਿਤ ਦੀਆਂ ਗੱਲਾਂ ਕਰਦਾ। ਸੀਤਲ, ਕੰਵਲ, ਗੁਰਨਾਮ ਸਿੰਘ ਤੀਰ ਤੇ ਹੋਰ ਲੇਖਕਾਂ ਦੀਆਂ। ਕਿਤਾਬਾਂ ਦੀਆਂ ਗੱਲਾਂ। ਇਬਰਾਹਮ. ਟੀ ਕਪੂਰ ਦੀ ਕਿਤਾਬ ‘...ਤੇ ਦੇਵ ਪੁਰਸ਼ ਹਾਰ ਗਏ’, ਪਹਿਲੀ ਵਾਰ ਮੈਨੂੰ ਫੁੱਫੜ ਨੇ ਪੜ੍ਹਨ ਲਈ ਦਿੱਤੀ ਸੀ। ਮੈਂ ਹੋਰ ਹੈਰਾਨ ਹੋਇਆ। ਸਾਡੇ ਘਰ ਦੇ ਆਖਦੇ, ‘‘ਗੁਣ ਤਾਂ ਬੜੇ ਇਹਦੇ ’ਚ ਪਰ ਇੱਕੋ ਗੱਲ ਮਾੜੀ ਜਿਹੜਾ ਇਹ ਸ਼ਰਾਬ ਨਹੀਂ ਛੱਡਦਾ।’’ ਕਈ ਵਾਰ ਉਹਨੇ ਦਿਨੇ ਹੀ ਪੀਤੀ ਹੁੰਦੀ। ਜਦ ਕਦੇ ਉਹ ਮੈਨੂੰ ਸੌਫ਼ੀ ਟੱਕਰਦਾ, ਬਿਲਕੁਲ ਚੁੱਪ-ਗੜੁੱਪ। ਇਉਂ ਜਾਪਦਾ ਜਿੱਦਾਂ ਮੈਨੂੰ ਪਛਾਣਦਾ ਹੀ ਨਾ ਹੋਵੇ। ਕਈ ਵਾਰ ਪੀਤੀ ’ਚ ਜਦ ਘਰ ਆਉਂਦਾ, ਕਿਸੇ ਗੱਲ ਨੂੰ ਲੈ ਕੇ ਉਸੇ ’ਤੇ ਅੜ ਜਾਂਦਾ। ਦੂਜੇ ਦੀ ਗੱਲ ਨਾ ਸੁਣਦਾ। ਪਰ ਗੱਲਾਂ ਹਮੇਸ਼ਾ ਕੁੱਲ ਦੁਨੀਆਂ ਤੋਂ ਵੱਖਰੀਆਂ ਕਰਦਾ। ਸਮਾਜ ਦੀਆਂ ਗੱਲਾਂ, ਸਾਹਿਤ ਦੀਆਂ ਗੱਲਾਂ, ਕਲਾ ਦੀਆਂ ਗੱਲਾਂ। ਮੈਂ ਹੈਰਾਨ ਵੀ ਹੁੰਦਾ ਕਿ ਇਹ ਕਿੱਥੇ ਪੜ੍ਹਦਾ ਰਿਹਾ ਇਨ੍ਹਾਂ ਲੇਖਕਾਂ ਨੂੰ? ਦਿੱਖ ਤੋਂ ਬਿਲਕੁਲ ਸਾਧਾਰਨ, ਦੇਖਣ ਨੂੰ ਲੱਗਦਾ ਜਿੱਦਾਂ ਇਹ ਬੰਦਾ ਕਦੇ ਸਕੂਲ ਦੇ ਪਿੱਛੋਂ ਵੀ ਲੰਘਿਆ ਹੋਵੇ। ਕਦੇ ਉਹ ਮੈਨੂੰ ਆਖਦਾ, ‘‘ਤੇਰੇ ਭਾਣੇ ਫੁੱਫੜ ਸ਼ਰਾਬੀ ਏ? ਤੈਨੂੰ ਮੈਂ ਦੱਸਾਂ ਸਵੇਰੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਕਿਹੜਾ ਆਇਆ? ਜਾ ਪਿੰਡ ’ਚੋਂ ਕੋਈ ਹੋਰ ਦੱਸ ਜਾਏ ਤਾਂ ਗੱਲ ਕਰੀਂ। ਟੀ.ਵੀ. ਰੇਡੀਓ ਸਾਰੇ ਪਿੰਡ ਨੇ ਲਾਏ ਹੁੰਦੇ ਨੇ ਸਵੇਰੇ।’’
ਸੱਚਮੱਚ ਉਹ ਐਸਾ ਹੀ ਸੀ। ਵੱਖਰਾ ਦੇਖਣ ਵਾਲਾ। ਵੱਖਰਾ ਸੋਚਣ ਵਾਲਾ। ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਉਹ ਇਸ ਜਹਾਨੋਂ ਵਕਤੋਂ ਪਹਿਲਾਂ ਤੁਰ ਗਿਆ। ਅੱਜ ਮੇਰਾ ਉਸ ਕੋਲ ਬੈਠਣ, ਗੱਲਾਂ ਕਰਨ ਨੂੰ ਦਿਲ ਕਰਦਾ ਹੈ ਪਰ ਅਜਿਹਾ ਹੋ ਨਹੀਂ ਸਕਦਾ। ...ਤੇ ਫੁੱਫੜ ਵਰਗਾ ਕਿਰਦਾਰ ਮੈਂ ਕਈ ਕਹਾਣੀਆਂ ਵਿੱਚ ਫੜਨ ਦੀ ਕੋਸ਼ਿਸ਼ ਕਈ ਵਾਰ ਕੀਤੀ ਪਰ ਸਫਲ ਨਹੀਂ ਹੋ ਸਕਿਆ। ਮੈਂ ਅਜੇ ਉਸ ਪਾਤਰ ਨੂੰ ਹੋਰ ਵਿਸਥਾਰ ਵਿੱਚ ਲਿਖਣਾ ਚਾਹੁੰਦਾ ਹਾਂ। ਚਿਤਰਨਾ ਚਾਹੁੰਦਾ ਹਾਂ। ਮੈਨੂੰ ਲੱਗਦਾ ਉਹ ਅਜੇ ਵੀ ਆਖਦਾ ਹੈ, ‘‘ਤੂੰ ਮੇਰੀ ਗੱਲ ਅਜੇ ਪੂਰੀ ਨਹੀਂ ਕੀਤੀ।’’
ਤੀਸਰਾ ਪਾਤਰ ਹੈ ਬਲਵਿੰਦਰ ਸਿਹੁੰ ਮਿਸਤਰੀ ਦਾ। ਮੇਰੇ ਪਿੰਡ ਵੱਸਦਾ ਚਾਚਾ ਬਲਵਿੰਦਰ ਸਿੰਘ ਮਿਸਤਰੀ ਮੈਨੂੰ ਹਮੇਸ਼ਾ ਟੁੰਬਦਾ ਹੈ। ਹੁਣ ਉਹ ਬਜ਼ੁਰਗ ਹੈ। ਮੈਂ ਉਹਨੂੰ ਉਦੋਂ ਦਾ ਦੇਖਦਾ ਆ ਰਿਹਾ ਹਾਂ, ਜਦੋਂ ਮੈਂ ਛੋਟਾ ਸੀ ਤੇ ਲੱਕੜ ਦੇ ਮਿਸਤਰੀ ਆਪਣਾ ਹਰ ਕੰਮ ਹੱਥਾਂ ਨਾਲ ਕਰਿਆ ਕਰਦੇ ਸਨ। ਹੁਣ ਬਲਵਿੰਦਰ ਚਾਚਾ ਇਸ ਜਹਾਨ ’ਤੇ ਨਹੀਂ ਰਿਹਾ। ਉਹ ਆਖਿਆ ਕਰਦਾ ਸੀ, ‘‘ਹੁਣ ਕਿਹੜੇ ਕੰਮ ਰਹਿ ਗਏ ਹੱਥੀਂ ਕਰਨ ਨੂੰ। ਰੰਦਾ ਅੱਜਕੱਲ੍ਹ ਮਸ਼ੀਨੀ ਆ ਗਿਆ।’’ ਚਾਚੇ ਬਲਵਿੰਦਰ ਸਿਹੁੰ ਵਰਗਾ ਕਾਰੀਗਰ ਮੈਂ ਨਹੀਂ ਦੇਖਿਆ ਕੋਈ। ਉਸ ਦੇ ਹੱਥਾਂ ਦੀ ਬਣੀ ਮਧਾਣੀ ਦੀ ਧੁੰਮ ਸਾਡੇ ਪੂਰੇ ਇਲਾਕੇ ਵਿੱਚ ਸੀ। ਹੱਥਾਂ ਦਾ ਸਚਿਆਰਾ। ਮਿਹਨਤੀ। ਲੱਕੜ ਨੂੰ ਜਿੱਦਾਂ ਗੱਲਾਂ ਕਰਨ ਲਗਾ ਦਿੰਦਾ। ਸਾਡੇ ਪੁਰਾਣੇ ਘਰ ਵਿੱਚ ਲੱਕੜ ਦਾ ਹਰ ਕੰਮ ਉਸ ਦੇ ਹੱਥਾਂ ਦਾ ਕੀਤਾ ਹੋਇਆ ਸੀ। ਹੁਣ ਜਦੋਂ ਨਵਾਂ ਘਰ ਬਣਿਆ ਉਹ ਉਦੋਂ ਕੰਮ ਕਰਨੋਂ ਹਟ ਗਿਆ ਸੀ। ਮੈਂ ਕਈ ਵਾਰ ਨਵੇਂ ਘਰ ਵਿੱਚ ਨਵੇਂ ਦੌਰ ਦੇ ਨਵੇਂ ਮੁੰਡਿਆਂ ਹੱਥੋਂ ਕੀਤੇ ਕੰਮ ਨੂੰ ਦੇਖ-ਦੇਖ ਉਹਨੂੰ ਯਾਦ ਕਰਦਾ। ਮੈਂ ਆਪਣੀਆਂ ਦੋ ਤਿੰਨ ਕਹਾਣੀਆਂ ਵਿੱਚ ਚਾਚੇ ਬਲਵਿੰਦਰ ਸਿਹੁੰ ਦਾ ਜ਼ਿਕਰ ਕੀਤਾ ਹੈ। ਫਿਰ ਵੀ ਮੈਨੂੰ ਅਜੇ ਤਸੱਲੀ ਨਹੀਂ ਹੋਈ। ਲੱਗਦਾ ਹੈ ਜਿਵੇਂ ਹੋਰ ਗੱਲਾਂ ਉਸ ਬਾਰੇ ਕਰਨੀਆਂ ਬਣਦੀਆਂ ਨੇ...। ਉਸ ਦੀ ਕਾਰੀਗਰੀ ਮੈਨੂੰ ਮੇਰੇ ਕਹਾਣੀ ਲਿਖਣ ਵਰਗੀ ਹੀ ਲੱਗਦੀ ਹੈ।
ਚੌਥਾ ਇੱਕ ਹੋਰ ਐਸਾ ਹੀ ਜਿਉਂਦਾ ਜਾਗਦਾ ਪਾਤਰ ਹੈ, ਮੇਰਾ ਦੋਸਤ ਨਛੱਤਰ ਸਿੰਘ ਜਿਸ ਨੂੰ ਸਾਹਬ ਸਿੰਘ ਡਾਕਟਰ ਵਜੋਂ ਜਾਣਦੇ ਨੇ ਪਿੰਡ ਵਾਲੇ ਤੇ ਸਾਬ੍ਹਾ ਕਹਿ ਕੇ ਬੁਲਾਉਂਦੇ ਨੇ...। ਮੈਂ ਆਪਣੀ ਕਹਾਣੀ ‘ਜਿਨ੍ਹਾਂ ਦਾ ਕੋਈ ਘਰ ਨਹੀਂ ਹੁੰਦਾ’ ਦਾ ਭਾਗੀ ਨਾਮ ਦਾ ਪਾਤਰ ਆਪਣੇ ਇਸੇ ਮਿੱਤਰ ਤੋਂ ਪ੍ਰਭਾਵਿਤ ਹੋ ਕੇ ਸਿਰਜਿਆ ਸੀ। ਪਰ ਜਿੰਨੀ ਉਖੜੀ ਜ਼ਿੰਦਗੀ ਉਸ ਨੇ ਜੀਵੀ ਹੈ। ਮੈਂ ਸੋਚਦਾ ਹੁੰਦਾ ਹਾਂ ਇਹ ਬੰਦਾ ਜਿਉਂਦਾ ਕਿਵੇਂ ਹੈ? ਸਿਵਾਏ ਦੁੱਖਾਂ, ਭੁੱਖਾਂ ਤੋਂ ਜਿਸ ਦੇ ਹਿੱਸੇ ਹੋਰ ਕੁਝ ਲਿਖਿਆ ਹੀ ਨਹੀਂ ਗਿਆ ਜਿਵੇਂ। ਕਦੇ ਉਹ ਬਹੁਤ ਚੜ੍ਹਦੀ ਕਲਾ ਵਿੱਚ ਮਿਲਦਾ ਹੈ। ਉਸ ਦੀ ਬੁੱਧੀ ਤੀਖਣ ਹੈ। ਜੇਕਰ ਸਹੀ ਹਾਲਾਤ ਮਿਲਦੇ ਉਹਨੂੰ ਪੜ੍ਹਨ ਲਿਖਣ ਦਾ ਮੌਕਾ ਮਿਲਦਾ ਤਾਂ ਯਕੀਨਨ ਉਹ ਬਹੁਤ ਅੱਗੇ ਜਾਂਦਾ। ਪਰ ਵਕਤ ਦੀ ਕਰਨੀ ਹੁਣ ਉਹ ਹਰ ਗੱਲ ਵਿੱਚ ਪਿੱਛੇ ਜਾਂਦਾ ਹੈ। ਹਰ ਕਦਮ ਜਿਵੇਂ ਉਲਟੇ ਰੁਖ਼ ਪੁੱਟ ਰਿਹਾ ਹੋਵੇ। ਪਰ ਕਦੇ ਮਿਲਦਾ ਹੈ ਤਾਂ ਕਮਾਲ ਦੀਆਂ ਗੱਲਾਂ ਕਰਦਾ ਹੈ। ਕਦੇ ਘੋਰ ਨਿਰਾਸ਼। ਉਹ ਤਿੰਨ ਭਰਾ ਨੇ...। ਤਿੰਨਾਂ ਵਿੱਚੋਂ ਇਹ ਵਿਆਹਿਆ ਸੀ, ਪਰ ਨਾ ਵਿਆਹਿਆਂ ਵਰਗਾ। ਦੂਜੇ ਦੋ ਛੜੇ। ਬੁੱਢੀ ਮਾਂ ਹੈ ਘਰ ਵਿੱਚ ਨਾਲ। ਘਰ, ਘਰ ਲੱਗਦਾ ਹੀ ਨਹੀਂ ਹੈ। ਕੋਈ ਚਾਹ ਦਾ ਵਕਤ ਨਹੀਂ। ਕੋਈ ਰੋਟੀ ਦਾ ਟਾਈਮ ਨਹੀਂ। ਮੇਰਾ ਮਨ ਕਰਦਾ ਹੈ ਉਸ ਦੀ ਇਸ ਜੀਵਨ ਗਾਥਾ ਨੂੰ ਕਿਸੇ ਨਾਵਲ ਵਿੱਚ ਢਾਲਾਂ। ਉਸ ਦੇ ਇਨ੍ਹਾਂ ਦੁੱਖਾਂ ਪਿਛਲੇ ਕਾਰਨ ਨੂੰ ਫੜਾਂ। ਪਰ ਮੈਂ ਅਜੇ ਸਫਲ ਨਹੀਂ ਹੋਇਆ। ਉਸ ਨੂੰ ਮਿਲਣਾ ਮੈਨੂੰ ਚੰਗਾ ਲੱਗਦਾ ਹੈ। ਮੈਂ ਕਈ ਵਾਰ ਉਸ ਨੂੰ ਹੱਸਦਾ ਹੋਇਆ ਆਖਦਾ ਹਾਂ, ‘‘ਡਾਕਟਰ ਤੇਰੇ ’ਤੇ ਕਿਤਾਬ ਲਿਖਣੀ ਮੈਂ।’’ ਉਹ ਖ਼ੁਸ਼ ਹੋ ਜਾਂਦਾ ਹੈ। ਸਿਰਫ਼ ਇੰਨਾ ਆਖਦਾ ਹੈ, ‘‘ਵਾਹ ਜੀ ਸਿਮਰਨ ਜੀ। ਜ਼ਰੂਰ ਲਿਖੋ। ਧੰਨ ਭਾਗ ਸਾਡੇ।’’...ਤੇ ਮੈਨੂੰ ਲੱਗਦਾ, ਹਰ ਬੰਦਾ ਆਪਣੇ ਆਪ ਵਿੱਚ ਇੱਕ ਕਹਾਣੀ ਹੈ। ਹਰ ਪਾਤਰ ਦੀ ਇੱਕ ਕਹਾਣੀ ਹੈ। ਇੱਕ ਬੰਦਾ ਹਜ਼ਾਰਾਂ ਕਹਾਣੀਆਂ ਜਿਉਂਦਾ ਹੈ। ਚੁਫ਼ੇਰੇ ਕਿੰਨੇ ਪਾਤਰ ਨੇ ਜੋ ਮੈਨੂੰ ਆਖਦੇ ਨੇ, ‘‘ਤੂੰ ਸਾਡੀ ਕਹਾਣੀ ਲਿਖੇਂਗਾ ਨਾ?’’ ਮੈਂ ਕਿਸ ਕਿਸ ਦੀ ਕਥਾ ਕਾਗਜ਼ ਉਪਰ ਉਤਾਰ ਪਾਵਾਂਗਾ ਇਹ ਮੈਨੂੰ ਵੀ ਨਹੀਂ ਪਤਾ। ਇਨ੍ਹਾਂ ਕੁਝ ਇੱਕ ਪਾਤਰਾਂ ਵਿੱਚੋਂ ਹੀ ਮੈਂ ਆਪਣੇ ਕਿੰਨੇ ਪਾਤਰ ਘੜੇ ਨੇ। ਮੈਂ ਮੇਰੇ ਬਾਪੂ ਨਾਲ ਬੜਾ ਮੁੱਲ ਦਾ ਬੋਲਦਾ ਸੀ। ਉਸ ਚੁੱਪ ਵਿੱਚੋਂ ਮੈਨੂੰ ਕਈ ਕਹਾਣੀਆਂ ਮਿਲੀਆਂ। ਕਿੰੰਨੀਆਂ ਹੀ ਕਹਾਣੀਆਂ ਵਿੱਚ ਬਾਪੂ ਰੂਪ ਤੇ ਰੰਗ ਵਟਾ ਕੇ ਆਉਂਦਾ ਰਿਹਾ। ਇਨ੍ਹਾਂ ਪਾਤਰਾਂ ਦੀ ਲੀਲ੍ਹਾ ਕਮਾਲ ਦੀ ਹੈ। ਇਹ ਲਗਾਤਾਰ ਮੇਰੇ ਨਾਲ ਤੁਰਦੇ ਨੇ। ਮੇਰੇ ਕੋਲੋਂ ਆਪਣੀਆਂ ਕਹਾਣੀਆਂ ਲਿਖਵਾਉਂਦੇ ਨੇ।
ਸੰਪਰਕ: 94632-15168