ਸਾਹਿਤ ਚਿੰਤਨ ਵੱਲੋਂ ਡਾ. ਮੇਘਾ ਸਿੰਘ ਦੀ ਪੁਸਤਕ ਬਾਰੇ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਈ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਇੱਥੇ ਸੈਕਟਰ-20ਸੀ ਵਿੱਚ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ ਬਲਵੀਰ ਪਰਵਾਨਾ ਦੀ ਪ੍ਰਧਾਨਗੀ ਹੇਠ ਹੋਈ, ਜੋ ਕਾਰਲ ਮਾਰਕਸ ਦੇ ਜਨਮ ਦਿਵਸ ਨੂੰ ਸਮਰਪਿਤ ਸੀ। ਇਸ ਦੌਰਾਨ ਪਿਛਲੇ ਦਿਨੀਂ ਵਿਛੋੜਾ ਦੇਣ ਵਾਲਿਆਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਦੋ ਮਤੇ ਪਾਸ ਕਰਦਿਆਂ ਮਹਿਲਾ ਪਹਿਲਵਾਨਾਂ ਦੇ ਦਿੱਲੀ ਧਰਨੇ ਦੀ ਹਮਾਇਤ ਕੀਤੀ ਗਈ ਅਤੇ ਐੱਨਸੀਈਆਰਟੀ ਦੇ ਸਿਲੇਬਸ ਵਿੱਚ ਚਾਰਲਸ ਡਾਰਵਨ ਦੇ ਵਿਕਾਸ ਸਿਧਾਂਤ ਨੂੰ ਮੁੜ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇਕੱਤਰਤਾ ਵਿੱਚ ਡਾ. ਮੇਘਾ ਸਿੰਘ ਦੀ ਨਵੀਂ ਪੁਸਤਕ ‘ਨਕਸਲਵਾੜੀ ਲਹਿਰ ਅਤੇ ਖੱਬੇ ਪੱਖੀ ਪੰਜਾਬੀ ਪੱਤਰਕਾਰੀ’ ਬਾਰੇ ਸੰਖੇਪ ਚਰਚਾ ਕੀਤੀ ਗਈ। ਪ੍ਰੋ. ਅਜੈਬ ਸਿੰਘ ਟਿਵਾਣਾ ਨੇ ਇਸ ਨੂੰ ਵਡਮੁੱਲੀ ਇਤਿਹਾਸਕ ਕਿਰਤ ਕਰਾਰ ਦਿੰਦਿਆਂ ਕਿਹਾ ਕਿ 251 ਪੰਨਿਆਂ ਵਿੱਚ 186 ਪਰਚਿਆਂ ਨੂੰ ਵਿਚਾਰਿਆ ਗਿਆ ਹੈ। ਸੁਖਦਰਸ਼ਨ ਨੱਤ ਨੇ ਕਿਹਾ ਕਿ ਖੱਬੀ ਲਹਿਰ ਦਾ ਬੌਧਿਕ ਤੇ ਸਾਹਿਤਕ ਖੇਤਰ ਵਿੱਚ ਚੌਖਾ ਅਸਰ ਹੈ। ਇਸ ਮੌਥੇ ਅਭੈ ਸਿੰਘ ਸੰਧੂ ,ਡਾ. ਹਜਾਰਾ ਸਿੰਘ ਚੀਮਾ ਜੋਗਿੰਦਰ ਸਿੰਘ, ਮਾਲਵਿੰਦਰ ਸਿੰਘ ਮਾਲੀ, ਡਾ. ਕਾਂਤਾ ਇਕਬਾਲ, ਡਾ. ਸਰਬਜੀਤ ਸਿੰਘ ਕੰਗਣੀਵਾਲ ਨੇ ਵੀ ਵਿਚਾਰ ਰੱਖੇ।