ਸਾਹਿਤਕਾਰ ਮੋਹਣ ਸਿੰਘ ਤੇ ਜਸਬੀਰ ਕੌਰ ਨਾਲ ਅਦਬੀ ਸੰਵਾਦ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਅਪਰੈਲ
ਜਨਵਾਦੀ ਲੇਖਕ ਸੰਘ ਵੱਲੋਂ ਆਰੰਭੀ ‘ਕਿਛ ਸੁਣੀਐ ਕਿਛੁ ਕਹੀਐ’ ਸਮਾਗਮਾਂ ਦੀ ਲੜੀ ਤਹਿਤ ਅੱਜ ਇੱਥੇ ਪੰਜਾਬੀ ਸਾਹਿਤਕਾਰ ਜੋੜੀ ਪ੍ਰੋ. ਮੋਹਣ ਸਿੰਘ ਅਤੇ ਲੇਖਿਕਾ ਜਸਬੀਰ ਕੌਰ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਸਮਾਗਮ ਕਰਵਾਉਣ ਦਾ ਮਨੋਰਥ ਕੇਵਲ ਰਚਨਾਵਾਂ ਦਾ ਅਦਾਨ-ਪ੍ਰਦਾਨ ਕਰਨਾ ਹੀ ਨਹੀਂ ਸਗੋਂ ਬਜ਼ੁਰਗ ਸਾਹਿਤਕਾਰਾਂ ਦੇ ਘਰੀਂ ਜਾ ਕੇ ਉਨ੍ਹਾਂ ਨਾਲ ਸੰਵਾਦ ਰਚਾਉਣਾ ਅਤੇ ਬੀਤੇ ਵੇਲਿਆਂ ਦੀਆਂ ਸਾਹਿਤਕ ਯਾਦਾਂ ਤਾਜ਼ਾ ਕਰਨ ਤੋਂ ਵੀ ਹੈ।
ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋਏ ਪ੍ਰੋ. ਮੋਹਣ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਹ ਸਾਇੰਸ ਵਰਗੇ ਖੁਸ਼ਕ ਵਿਸ਼ੇ ਦੇ ਵਿਦਿਆਰਥੀ ਰਹੇ ਪਰ ਫਿਰ ਵੀ ਅਧਿਆਪਕਾਂ ਅਤੇ ਮਾਪਿਆਂ ਦੀ ਹੱਲਾਸ਼ੇਰੀ ਨਾਲ ਉਨ੍ਹਾਂ ਦੀ ਪੁਸਤਕਾਂ ਨਾਲ ਅਦਬੀ ਸਾਂਝ ਦਾ ਮੁੱਢ ਬੱਝਿਆ ਸੀ। ਉਨ੍ਹਾਂ ਦੂਜੀ ਸੰਸਾਰ ਜੰਗ ਵੇਲੇ ਬਰਮਾ ਤੋਂ ਭਾਰਤ ਵੱਲ ਕਠਿਨ ਹਲਾਤਾਂ ਵਿੱਚ ਕੀਤਾ ਸਫ਼ਰ ਅਤੇ ਸੰਤਾਲੀ ਦੇ ਉਜਾੜੇ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਸਾਂਝੀਆਂ ਕੀਤੀਆਂ। ਚੌਦਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੀ ਲੇਖਿਕਾ ਜਸਬੀਰ ਕੌਰ ਨੇ ਵੀ ਆਪਣੀ ਅਦਬੀ ਸਾਂਝ ਅਤੇ ਪਰਿਵਾਰਕ ਰਿਸ਼ਤਿਆਂ ਦੇ ਸੁਹਾਵਣੇ ਅਨੁਭਵ ਸਾਂਝੇ ਕੀਤੇ। ਲੇਖਕ ਸੰਘ ਦੇ ਸਕੱਤਰ ਸੁਮੀਤ ਸਿੰਘ ਅਤੇ ਮੀਤ ਪ੍ਰਧਾਨ ਡਾ. ਕਸ਼ਮੀਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਜਾਰੀ ਰੱਖਾਂਗੇ।