ਗੁਰਨਾਮ ਸਿੰਘ ਚੌਹਾਨਪਾਤੜਾਂ, 12 ਜਨਵਰੀਦਿੱਲੀ ਅੰਦੋਲਨ ਪਿੱਛੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ’ਚ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਲੱਗਿਆ ਮੋਰਚਾ ਹੁਣ ਸਿਖਰਾਂ ’ਤੇ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ 6ਵੇਂ ਮਰਨ ਵਰਤ ’ਤੇ ਬੈਠੇ ਹਨ, ਜਿਸ ਵਿੱਚ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਹ ਕਿਰਸਾਨੀ ਨੂੰ ਬਚਾਉਣ ਲਈ ਆਪਣੇ ਸਾਹਾਂ ਦੀ ਮਿਸਾਲ ਬਾਲ ਕੇ ਦਿੱਲੀ ਹਕੂਮਤ ਖਿਲਾਫ਼ ਅਸੂਲਾਂ ਦੀ ਲੜਾਈ ਲੜ ਰਹੇ ਹਨ। ਅਸੂਲਾਂ ਦੀ ਮਿਸ਼ਾਲ ’ਚ ਤੇਲ ਦੀ ਥਾਂ ਸਾਹਾਂ ਦੀ ਬੁੱਕ ਪਾ ਕੇ ਰੋਸ਼ਨ ਕੀਤਾ ਹੈ, ਉਹ ਹੁਣ ਬੁਝੇਗੀ ਨਹੀਂ ਸਗੋਂ ਜਗਮਗਾਉਦੀ ਰਹੇਗੀ, ਕਿਉਂਕਿ ਇਸ ’ਚ ਆਪਣੇ ਸਾਹਾਂ ਦੀ ਲੱਪ ਪਾਉਣ ਵਾਸਤੇ 6 ਹੋਰ ਕਿਸਾਨ ਆਪਣੀ ਵਾਰੀ ਦੀ ਉਡੀਕ ਰਹੇ ਹਨ।ਡੱਲੇਵਾਲ ਦੇ ਮਰਨ ਵਰਤ ਨੂੰ 48 ਦਿਨ ਬੀਤ ਚੁੱਕੇ ਹਨ। ਡਾਕਟਰ ਦਾ ਕਹਿਣਾ ਹੈ ਕਿ ਬਲੱਡ ਪ੍ਰੈੱਸ਼ਰ ਹੁਣ ਸਾਡੇ ਹੱਥ ’ਚ ਨਹੀਂ। ਡੱਲੇਵਾਲ ਕਹਿੰਦੇ , ‘‘ਉਨ੍ਹਾਂ ਦੇ ਮਨ ’ਤੇ ਲੱਖਾਂ ਕਿਸਾਨ ਪਰਿਵਾਰਾਂ ਦਾ ਭਾਰ ਹੈ, ਜਿਨ੍ਹਾਂ ਨੇ ਆਪਣੇ ਜਾਇਆਂ ਨੂੰ ਖੇਤਾਂ ਦੇ ਰੁੱਖਾਂ ਨਾਲ ਲਮਕਦਿਆਂ ਨੂੰ ਰੋਂਦੇ ਕੁਰਲਾਉਂਦੇ ਲਾਹਿਆ ਹੈ। ਜਿਨ੍ਹਾਂ ਨੂੰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਫਾਂਸੀ ਝੂਟਣ ਲਈ ਮਜਬੂਰ ਕੀਤਾ ਹੈ, ਉਨ੍ਹਾਂ ਦੀ ਜਾਨ ਨਾਲੋਂ ਮੇਰੀ ਜਾਨ ਕੀਮਤੀ ਨਹੀਂ।’’ ਜਿਗਰਜੋਤ ਸਿੰਘ ਖਨੌਰੀ ਮੋਰਚੇ ’ਚ ਖੜ੍ਹੀ ਟਰਾਲੀ ’ਚ ਨਿਢਾਲ ਪਏ ਦਾਦੇ ਵੱਲ ਟਿਕਟਿਕੀ ਲਾ ਕੇ ਵੇਖਦਾ ਹੌਸਲਾ ਦਿੰਦਾ ਦਾਦੇ ਨੂੰ ਕਹਿੰਦਾ ਹੈ,‘‘ਆਪਾਂ ਮੋਰਚਾ ਜਿੱਤ ਕੇ ਘਰ ਨੂੰ ਮੁੜਨਾ ਹੈ।’’ਡੱਲੇਵਾਲ ਨੇ ਮੋਹ ਮਾਇਆ ਨੂੰ ਤਿਆਗਦਿਆਂ ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਆਪਣੀ 17 ਏਕੜ ਸੰਪਤੀ ਵਿੱਚੋਂ 10.5 ਏਕੜ ਆਪਣੇ ਪੋਤਰੇ ਜਿਗਰਜੋਤ ਸਿੰਘ, ਇਕਲੌਤੇ ਪੁੱਤਰ ਗੁਰਪਿੰਦਰ ਸਿੰਘ ਅਤੇ ਨੂੰਹ ਹਰਪ੍ਰੀਤ ਕੌਰ ਨਾਮ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪਿਤਾ ਹਜੂਰਾ ਸਿੰਘ, ਮਾਂ ਅਜਮੇਰ ਕੌਰ, ਵੱਡਾ ਵੀਰ ਰਣਜੀਤ ਸਿੰਘ ਅਤੇ ਧਰਮ ਪਤਨੀ ਹਰਜੀਤਇੰਦਰ ਕੌਰ ਜਹਾਨੋਂ ਕੂਚ ਕਰ ਚੁੱਕੇ ਹਨ। ਛੇ ਭੈਣਾਂ ਦਾ ਛੋਟਾ ਵੀਰ ਜਗਜੀਤ ਸਿੰਘ ਡੱਲੇਵਾਲ ਆਖਦਾ ਹੈ ਕਿ ‘ਆਹ ਖੇਤਾਂ ਦੇ ਜਾਏ ਸਭ ਮੇਰਾ ਪਰਿਵਾਰ ਹੈ।’ ਖੇਤੀ ਬਚਾਉਣ ਲਈ ਡੱਲੇਵਾਲ ਜ਼ਿੰਦਗੀ ਤੇ ਮੌਤ ਵਿਚਾਲੇ ਫ਼ਾਸਲੇ ਦੀ ਹੁਣ ਪ੍ਰਵਾਹ ਨਹੀਂ ਕਰ ਰਿਹਾ।ਕਿਸਾਨ ਆਗੂ ਡੱਲੇਵਾਲ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਅਤੇ ਹੋਰ ਕਮੇਟੀਆਂ ਨੂੰ ਇਕ ਵਾਰ ਨਹੀਂ, ਕਈ ਵਾਰ ਸਪੱਸ਼ਟ ਕਰ ਚੁੱਕੇ ਹਨ,‘‘ ਇਹ ਕਰੋ ਜਾਂ ਮਰੋ ਦੀ ਲੜਾਈ ਹੈ। ਮੈਂ ਉਦੋਂ ਤੱਕ ਆਪਣਾ ਮਰਨ ਵਰਤ ਖ਼ਤਮ ਨਹੀਂ ਕਰਾਂਗਾ, ਜਦੋਂ ਤੱਕ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਵਾਲਾ ਕਾਨੂੰਨ ਲਾਗੂ ਨਹੀਂ ਹੋ ਜਾਂਦਾ। ਅਸੀਂ ਸੰਸਦੀ ਕਮੇਟੀ (ਖੇਤੀਬਾੜੀ) ਦੀਆਂ ਸਿਫ਼ਾਰਸ਼ਾਂ ਅਨੁਸਾਰ ਕਾਨੂੰਨੀ ਗਾਰੰਟੀ ਚਾਹੁੰਦੇ ਹਾਂ।’’ ਕਿਸਾਨ ਆਗੂ ਗੁਰਦੀਪ ਸਿੰਘ ਚਹਿਲ ਤੇ ਹਰਭਗਵਾਨ ਸਿੰਘ ਭਾਨਾ ਯਾਦਵਿੰਦਰ ਸਿੰਘ ਬੁਰੜ ਨੇ ਕਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਚੁੱਕਣ ਲਈ ਕੋਈ ਵੀ ਐਕਸ਼ਨ ਨਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਪਰ ਉਨ੍ਹਾਂ ’ਤੇ ਇਤਬਾਰ ਨਹੀਂ ਕੀਤਾ ਜਾ ਸਕਦਾ।ਕਿਸਾਨ ਆਗੂ ਨੇ ਮਰਨ ਵਰਤ ਦਾ ਫ਼ੈਸਲਾ ਕਿਉਂ ਲਿਆਜਗਜੀਤ ਸਿੰਘ ਡੱਲੇਵਾਲ ਹੁਣ ਤੱਕ 5 ਵਾਰ ਮਰਨ ਵਰਤ ਰੱਖ ਕੇ ਕਿਸਾਨ ਘੋਲਾਂ ਨੂੰ ਫੈਸਲਾਕੁਨ ਜਿੱਤ ਦੁਆ ਚੁੱਕੇ ਹਨ। ਉਨ੍ਹਾਂ ਦੀ ਜਥੇਬੰਦੀ ਪਿਛਲੇ ਸਾਲ 21 ਫਰਵਰੀ ਨੂੰ ਜਦੋਂ ਦਿੱਲੀ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੀ ਸੀ ਉਦੋਂ ਹਰਿਆਣਾ ਪੁਲੀਸ ਤੇ ਸੁਰੱਖਿਆ ਫੋਰਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਹਵਾਈ ਫਾਇਰਿੰਗ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਦੀ ਖੁੱਲ੍ਹ ਕੇ ਵਰਤੋਂ ਵਿੱਚ ਨੌਜਵਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਹੋਈ ਮੌਤ ਤੇ ਸੈਂਕੜੇ ਕਿਸਾਨਾਂ ਦੇ ਜ਼ਖ਼ਮੀ ਹੋਏ ਸਨ। ਉਨ੍ਹਾਂ ਉਦੋਂ ਫ਼ੈਸਲਾ ਕਰ ਲਿਆ ਸੀ ਕਿ ਅੱਜ ਤੋਂ ਬਾਅਦ ਸੰਘਰਸ਼ ’ਚ ਕਿਸੇ ਮਾਂ ਦਾ ਪੁੱਤ, ਭੈਣ ਦਾ ਭਰਾ ਨਹੀਂ ਮਰੇਗਾ, ਕਿਸਾਨ ਆਗੂ ਆਪ ਅੱਗੇ ਹੋ ਕੇ ਲੜਾਈ ਲੜਨਗੇ।