ਸਾਲ ਪਹਿਲਾਂ ਗੁੰਮ ਹੋਏ ਲਾਡੂ ਬਾਬਾ ਦੀ ਫਾਈਲ ਮੁੜ ਖੁੱਲ੍ਹੀ
ਇੱਥੋਂ ਦੇ ਉੱਘੇ ਖੇਡ ਪ੍ਰਮੋਟਰ ਅਤੇ ਧਨਾਢ ਕਿਸਾਨ ਬਲਜੀਤ ਸਿੰਘ ਉਰਫ਼ ਲਾਡੂ ਬਾਬਾ ਦੇ ਭੇਤ-ਭਰੀ ਹਾਲਤ ਵਿੱਚ ਗੁੰਮਸ਼ੁਦਾ ਹੋਣ ਨੂੰ ਸਾਲ ਬੀਤਣ ਮਗਰੋਂ ਹੁਣ ਰਾਏਕੋਟ (ਸ਼ਹਿਰੀ) ਪੁਲੀਸ ਨੇ ਮੁੜ ਲਾਡੂ ਬਾਬਾ ਦੀ ਫਾਈਲ ਖੋਲ੍ਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਜਨਰਲ ਧਨਪ੍ਰੀਤ ਕੌਰ ਵੱਲੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਮਗਰੋਂ ਲੁਧਿਆਣਾ (ਦਿਹਾਤੀ) ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਇਸ ਮਾਮਲੇ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਹੁਣ ਜਾਂਚ ਦੀ ਜ਼ਿੰਮੇਵਾਰੀ ਪੁਲੀਸ ਕਪਤਾਨ (ਜਾਂਚ) ਪਰਮਿੰਦਰ ਸਿੰਘ, ਉਪ ਪੁਲੀਸ ਕਪਤਾਨ ਰਾਏਕੋਟ ਹਰਜਿੰਦਰ ਸਿੰਘ ਤੇ ਥਾਣਾ ਰਾਏਕੋਟ (ਸ਼ਹਿਰੀ) ਦੇ ਮੁਖੀ ਕਰਮਜੀਤ ਸਿੰਘ ਨੂੰ ਸੌਂਪੀ ਗਈ ਹੈ। ਥਾਣਾ ਮੁਖੀ ਕਰਮਜੀਤ ਸਿੰਘ ਅਨੁਸਾਰ ਲਾਡੂ ਬਾਬਾ ਦੀ ਬਜ਼ੁਰਗ ਭੈਣ ਅਤੇ ਸ਼ਿਕਾਇਤਕਰਤਾ ਭਗਵੰਤ ਕੌਰ ਨੇ ਜਿਨ੍ਹਾਂ ਵਿਅਕਤੀਆਂ ’ਤੇ ਦੋਸ਼ ਲਾਏ ਹਨ, ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਗਵੰਤ ਕੌਰ ਨੇ ਲਾਡੂ ਬਾਬਾ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਆਪਣੀ ਭਰਜਾਈ ਤੇ ਭਤੀਜਿਆਂ ’ਤੇ ਜਾਇਦਾਦ ਪਿੱਛੇ ਉਸ ਨੂੰ ਕਤਲ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਅਨੁਸਾਰ ਲਾਡੂ ਬਾਬਾ ਦੇ ਫ਼ੋਨ ਦੀ ਆਖ਼ਰੀ ਲੋਕੇਸ਼ਨ 31 ਜਨਵਰੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦੀ ਦਿਖਾਈ ਦਿੱਤੀ ਸੀ ਤੇ ਗੁੰਮਸ਼ੁਦਗੀ ਤੋਂ ਮਹਿਜ਼ 11 ਦਿਨ ਬਾਅਦ 12 ਫਰਵਰੀ ਨੂੰ ਲਾਡੂ ਬਾਬਾ ਦੀ ਪਤਨੀ ਭੁਪਿੰਦਰ ਕੌਰ ਤੇ ਛੋਟਾ ਪੁੱਤਰ ਜਸਪ੍ਰੀਤ ਸਿੰਘ ਕੈਨੇਡਾ ਰਵਾਨਾ ਹੋ ਗਏ। ਇਸ ਮਗਰੋਂ ਲਾਡੂ ਬਾਬਾ ਦੀ ਭੈਣ ਭਗਵੰਤ ਕੌਰ ਨੇ ਇੰਗਲੈਂਡ ਤੋਂ ਆਪਣੇ ਇਕ ਰਿਸ਼ਤੇਦਾਰ ਰਾਹੀਂ ਪੁਲੀਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਇੰਗਲੈਂਡ ਤੋਂ ਪਰਤੀ ਭਗਵੰਤ ਕੌਰ ਨੇ 29 ਅਪਰੈਲ ਨੂੰ ਜ਼ਿਲ੍ਹਾ ਪੁਲੀਸ ਮੁਖੀ ਜਾਂਚ ਕੀ ਮੰਗ ਕੀਤੀ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਜਾਂਚ ਰਛਪਾਲ ਸਿੰਘ ਢੀਂਡਸਾ ਡੀਐੱਸਪੀ ਰਾਏਕੋਟ ਨੂੰ ਸੌਂਪੀ ਸੀ ਤੇ ਉਨ੍ਹਾਂ ਅੱਗੇ ਇਹ ਜਾਂਚ ਥਾਣਾ ਮੁਖੀ ਲਖਵਿੰਦਰ ਨੂੰ ਸੌਂਪ ਦਿੱਤੀ ਸੀ। ਭਗਵੰਤ ਕੌਰ ਨੇ ਪੁਲੀਸ ਅਧਿਕਾਰੀਆਂ ’ਤੇ ਵੀ ਜਾਂਚ ਨੂੰ ਕੁਰਾਹੇ ਪਾਉਣ ਦਾ ਦੋਸ਼ ਲਾਉਂਦਿਆਂ ਡੀਜੀਪੀ ਪੰਜਾਬ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ