ਸਾਬਕਾ ਸੈਨਿਕਾਂ ਵਿੱਚ ਕੇਂਦਰ ਖ਼ਿਲਾਫ਼ ਰੋਸ
ਖੰਨਾ, 10 ਜਨਵਰੀ
ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਸਾਬਕਾ ਸੈਨਿਕ ਵੈੱਲਫ਼ੇਅਰ ਐਸੋਸ਼ੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਬਕਾ ਸੈਨਿਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੈਪਟਨ ਮਾਜਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਰਵੱਈਆ ਸਾਬਕਾ ਸੈਨਿਕਾਂ ਨਾਲ ਅਪਣਾਇਆ ਹੈ ਉਸ ਦੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦਿਨ ਰਾਤ ਦੇਸ਼ ਦੇ ਬਾਰਡਰਾਂ ਦੀ ਰਾਖੀ ਕੀਤੀ ਅਤੇ ਹੁਣ ਪਿਛਲੇ ਲੰਬੇ ਸਮੇਂ ਤੋਂ ‘ਇਕ ਰੈਂਕ-ਇਕ ਪੈਨਸ਼ਨ’ ਲਈ ਧਰਨਾ ਦੇ ਰਹੇ ਹਨ ਜੋ ਸਰਕਾਰਾਂ ਨੂੰ ਨਹੀਂ ਦਿੱਖ ਰਿਹਾ। ਇਸ ਮੌਕੇ ਸੂਬੇਦਾਰ ਮੇਜਰ ਰੱਬੀ ਸਿੰਘ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ਉਹ ਦੇਸ਼ ਕਦੇ ਵੀ ਬੁਲੰਦੀਆ ਨਹੀਂ ਛੂਹ ਸਕਦਾ ਜਿੱਥੇ ਸਰਕਾਰਾਂ ਵੱਲੋਂ ਦਿਨ-ਰਾਤ ਡਿਊਟੀ ਕਰਨ ਵਾਲੇ ਸੈਨਿਕਾਂ ਦੇ ਬਣਦੇ ਹੱਕ ਨਾ ਦੇ ਕੇ ਧੱਕੇਸ਼ਾਹੀ ਕੀਤੀ ਜਾਵੇ।