ਸਾਬਕਾ ਸਰਪੰਚ ਵਿਰੁੱਧ ਦਰਜ ਕੇਸ ਰੱਦ ਕਰਵਾਉਣ ਲਈ ਐੱਸਐੱਸਪੀ ਦਫ਼ਤਰ ਘੇਰਨ ਦਾ ਐਲਾਨ
ਪਰਸ਼ੋਤਮ ਬੱਲੀ
ਬਰਨਾਲਾ, 7 ਜਨਵਰੀ
ਇੱਥੇ ਤਰਕਸ਼ੀਲ ਭਵਨ ਵਿੱਚ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਹੋਈ ਮੀਟਿੰਗ ਉਪਰੰਤ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵੱਲੋਂ ਪਿੰਡ ਧੌਲਾ ਦੇ ਸਾਬਕਾ ਸਰਪੰਚ ’ਤੇ ਪਰਚਾ ਦਰਜ ਕੀਤੇ ਜਾਣ ਖ਼ਿਲਾਫ਼ 17 ਜਨਵਰੀ ਨੂੰ ਐੱਸਐੱਸਪੀ ਦਫ਼ਤਰ ਬਰਨਾਲਾ ਅੱਗੇ ਧਰਨੇ ਦਾ ਐਲਾਨ ਕੀਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਸਮਾਓਂ ਨੇ ਕਿਹਾ ਕਿ ਪਿੰਡ ਧੌਲਾ ਵਿਖੇ ਫੂਡ ਸੁਰੱਖਿਆ ਵਿਭਾਗ ਦੀ ਮਹਿਲਾ ਇੰਸਪੈਕਟਰ ਵੱਲੋਂ ਦੁਕਾਨਾਂ ’ਤੇ ਸੈਂਪਲ ਭਰਨ ਸਮੇਂ ਮਹਿਲਾ ਇੰਸਪੈਕਟਰ ਨਾਲ ਗੁੰਡਾਗਰਦੀ ਕਰਨ ਵਾਲੇ ਧਨਾਢ ਸੇਠਾਂ ਨੂੰ ਸੱਤਾਧਾਰੀ ਪਾਰਟੀ ਆਗੂਆਂ ਤੇ ਪੁਲੀਸ ਪ੍ਰਸ਼ਾਸਨ ਨੇ ਕਥਿਤ ਮਿਲੀਭੁਗਤ ਕਰ ਕੇ ਪਰਚੇ ਵਿੱਚੋਂ ਬਾਹਰ ਕੱਢ ਦਿੱਤਾ ਜਦੋਂ ਕਿ ਬੇਦੋਸ਼ੇ ਪਿੰਡ ਦੇ ਦਲਿਤ ਸਮਾਜ ਨਾਲ ਸਬੰਧਤ ਸਾਬਕਾ ਸਰਪੰਚ ਰਾਮ ਸਿੰਘ ਖ਼ਿਲਾਫ਼ ਝੂਠਾ ਪਰਚਾ ਦਰਜ ਕਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਸਲ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਬੇਗੁਨਾਹ ਸਾਬਕਾ ਸਰਪੰਚ ਰਾਮ ਸਿੰਘ ਵਿਰੁੱਧ ਦਰਜ ਕੀਤਾ ਪਰਚਾ ਫੌਰੀ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ 17 ਜਨਵਰੀ ਨੂੰ ਐੱਸਐੱਸਪੀ ਬਰਨਾਲਾ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਹਿੱਤ ਵਿਉਂਤਬੰਦੀ ਵੀ ਉਲੀਕੀ ਤੇ ਸਫ਼ਲਤਾ ਲਈ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਤੇਜ਼ ਕਰਨ ਲਈ ਸਥਾਨਕ ਆਗੂ ਟੀਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਸਕੱਤਰ ਸ਼ਿੰਗਾਰ ਸਿੰਘ ਚੌਹਾਣਕੇ, ਰਾਜਵਿੰਦਰ ਕੌਰ ਧਨੌਲਾ, ਪਾਲ ਕੌਰ ਤਾਜੋਕੇ, ਰਾਣੀ ਕੌਰ, ਸਰਬਜੀਤ ਕੌਰ, ਨਿਰਮਲ ਸਿੰਘ ਧੂਰਕੋਟ ਤੇ ਪੀੜਤ ਸਾਬਕਾ ਸਰਪੰਚ ਰਾਮ ਸਿੰਘ ਆਦਿ ਮੌਜੂਦ ਸਨ।