ਸਾਬਕਾ ਵਿਧਾਇਕ ਵੱਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਲਾਮਬੰਦੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਮਈ
ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੰਦ ਕਰਨ ਲਈ ਕਾਂਗਰਸ ਦੀ ਇੱਕ ਮੀਟਿੰਗ ਦੁੱਗਰੀ ਫੇਜ਼ 1 ਵਿਖੇ ਮਨੀ ਚਾਵਲਾ ਵੱਲੋਂ ਕੀਤੀ ਗਈ ਜਿਸ ਵਿੱਚ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਸ੍ਰੀ ਬੈਂਸ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਵਿਕਾਸ ਦੇ ਰਾਹ ਉਤੇ ਲੈ ਕੇ ਜਾ ਸਕਦੀ ਹੈ। ਅੱਜ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਰੰਗਲੇ ਪੰਜਾਬ ਤੋਂ ਕੰਗਲਾ ਪੰਜਾਬ ਬਣ ਚੁੱਕਾ ਹੈ ਅਤੇ ਪੰਜਾਬ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋ ਰਿਹਾ ਅਤੇ ਨਾ ਹੀ ਕੋਈ ਬਾਹਰੀ ਇੰਡਸਟਰੀ ਪੰਜਾਬ ਵੱਲ ਮੂੰਹ ਕਰ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਹਰ ਰੋਜ਼ ਹੋ ਰਹੀਆਂ ਲੁੱਟਾਂ ਖੋਹਾਂ ਕਾਰਨ ਪੰਜਾਬੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੇ ਆਗੂ ਗੂੜ੍ਹੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦਾ ਡਰਾਮਾ ਰਚ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ਵਿੱਚ ਨਸ਼ਿਆਂ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਹਲਕਾ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 28 ਦੇ ਕਰੀਬ ਲੋਕਾਂ ਦੀ ਜੀਵਨ ਲੀਲਾ ਖ਼ਤਮ ਹੋਣ ਤੋਂ ਮਿਲਦੀ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਹੀ ਪੰਜਾਬ ਹਮੇਸ਼ਾ ਅੱਗੇ ਵਧਿਆ ਹੈ ਅਤੇ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਮੁੜ ਸੱਤਾ ਵਿੱਚ ਵਾਪਸ ਆਵੇਗੀ। ਇਸ ਮੌਕੇ ਸੁਖਚੈਨ ਸਿੰਘ ਲਖਨਪਾਲ, ਗੁਰਭੇਜ ਸਿੰਘ ਵਿੱਕੀ, ਗਿੱਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗੋਲਡੀ, ਨਿਰਮਲ ਸਿੰਘ, ਮੁਹੰਮਦ ਇਸਲਾਮ ਬਬਲੂ, ਪਰਦੀਪ ਕੁਮਾਰ, ਪਰਮਜੀਤ ਸਿੰਘ ਦੁੱਗਰੀ, ਭਪਿੰਦਰ ਸਿੰਘ ਦੁੱਗਰੀ, ਰਿਸ਼ੀ ਸੂਦ ਅਤੇ ਸਰਬਜੀਤ ਸਿੰਘ ਰਾਜਪਾਲ ਨੇ ਸ੍ਰੀ ਬੈਂਸ ਨੂੰ ਸਨਮਾਨਤ ਕੀਤਾ।