ਸਾਧੂ ਨੂੰ ਡੰਡਿਆਂ ਨਾਲ ਕੁੱਟ ਕੇ ਮਾਰਿਆ
ਪੱਤਰ ਪ੍ਰੇਰਕ
ਫਰੀਦਾਬਾਦ, 11 ਜੂਨ
ਅਨਾਜ ਮੰਡੀ ਬੱਲਭਗੜ੍ਹ ਵਿੱਚ ਸਾਧੂ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਕ੍ਰਾਈਮ ਬ੍ਰਾਂਚ ਡੀਐੱਲਐਫ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੈ ਗੁਪਤਾ ਨਾਮ ਦਾ ਬਾਬਾ ਅਨਾਜ ਮੰਡੀ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਰਾਤ ਨੂੰ ਅਨਾਜ ਮੰਡੀ ਵਿੱਚ ਸੌਂਦਾ ਸੀ। ਰਾਤ ਨੂੰ ਅਨਾਜ ਮੰਡੀ ਵਿੱਚ ਬੇਲਦਾਰੀ ਦਾ ਕੰਮ ਕਰਨ ਵਾਲੇ 2-3 ਮੁੰਡਿਆਂ ਨੇ ਬਾਬੇ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਆਦਰਸ਼ ਨਗਰ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ। ਪੁਲੀਸ ਬੁਲਾਰੇ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਡੀਐੱਲਐੱਫ ਦੀ ਟੀਮ ਨੇ ਮੁਲਜ਼ਮ ਸੰਜੀਤ ਮਹਿਤਾ (40) ਵਾਸੀ ਬੇਗੂਸਰਾਏ ਬਿਹਾਰ, ਮੌਜੂਦਾ ਅਨਾਜ ਮੰਡੀ ਬੱਲਭਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦਾ ਅਤੇ ਇੱਕ ਹੋਰ ਦੋਸਤ ਦਾ ਬਾਬੇ ਨਾਲ ਝਗੜਾ ਹੋਇਆ ਸੀ। ਗੁੱਸੇ ਵਿੱਚ ਆ ਕੇ ਬਾਬੇ ਨੂੰ ਡੰਡੇ ਮਾਰੇ। ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ। ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।