ਸਾਢੇ ਚਾਰ ਕਿਲੋ ਹੈਰੋਇਨ ਅਤੇ ਡਰੱਗ ਮਨੀ ਸਣੇ ਦੋ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਪੰਜਾਬ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਬਾਰਡਰ ਰੇਂਜ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦੇ ਦੋ ਮੈਂਬਰਾਂ ਨੂੰ 4.5 ਕਿਲੋ ਹੈਰੋਇਨ ਤੇ 11 ਲੱਖ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਪਿੰਡ ਧਨੋਏ ਖੁਰਦ ਹਾਲ ਵਾਸੀ ਪਿੰਡ ਰਤਨ ਅਤੇ ਅਭਿਜੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਮਾਹਲ ਹਾਲ ਵਾਸੀ ਭੱਲਾ ਕਲੋਨੀ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਏਐੱਨਟੀਐੱਫ, ਐਸਏਐਸ ਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੁਰਭੇਜ ਪਾਕਿਸਤਾਨ ਅਧਾਰਿਤ ਤਸਕਰ ਰਾਣਾ ਦੇ ਸੰਪਰਕ ’ਚ ਸੀ ਅਤੇ ਖੇਪ ਦੀ ਡਿਲਿਵਰੀ ਲਈ ਤਾਲਮੇਲ ਕਰ ਰਿਹਾ ਸੀ। ਮੁਲਜ਼ਮ ਨੇ ਇਸ ਵਿੱਚ ਆਪਣੇ ਹੋਰ ਸਾਥੀਆਂ ਸਣੇ ਅਭਿਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਹੈਰੋਇਨ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਸਕੂਟਰ ਵੀ ਬਰਾਮਦ ਕੀਤਾ ਹੈ।