ਸਾਊਦੀ ਅਰਬ ’ਚ ਫਸੇ ਨਰੇਸ਼ ਕੁਮਾਰ ਦੀ ਦੋ ਸਾਲਾਂ ਮਗਰੋਂ ਵਾਪਸੀ
ਹਤਿੰਦਰ ਮਹਿਤਾ/ਜਸਬੀਰ ਸਿੰਘ ਚਾਨਾ
ਜਲੰਧਰ/ਕਪੂਰਥਲ, 29 ਮਾਰਚ
ਸਾਊਦੀ ਅਰਬ ਵਿੱਚ ਸੁਰੱਖਿਆ ਗਾਰਡ ਨਰੇਸ਼ ਕੁਮਾਰ ਨੂੰ ਆਪਣੀ ਕੰਪਨੀ ਤੋਂ ਛੁੱਟੀ ਮੰਗਣੀ ਮਹਿੰਗੀ ਪੈ ਗਈ, ਜਿਸ ਕਾਰਨ ਉਸ ਨੂੰ ਚੋਰੀ ਦੇ ਦੋਸ਼ਾਂ ਹੇਠ ਡੇਢ ਸਾਲ ਤੱਕ ਥਾਣਿਆਂ ਤੇ ਜੇਲ੍ਹਾਂ ’ਚ ਮਾਨਸਿਕ ਤਸੀਹੇ ਝੱਲਣੇ ਪਏ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠੜਾ ਵਾਸੀ ਨਰੇਸ਼ ਕੁਮਾਰ ਦੀ ਵਤਨ ਵਾਪਸੀ ਹੋਈ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਆਪਣੀ ਪਤਨੀ ਨਾਲ ਪਹੁੰਚੇ ਨਰੇਸ਼ ਨੇ ਦੱਸਿਆ ਕਿ ਉਹ ਸਾਲ 2014 ਵਿੱਚ ਸਾਊਦੀ ਅਰਬ ਗਿਆ ਸੀ। ਉਹ ਤਿੰਨ ਵਾਰ ਪਿੰਡ ਗੇੜਾ ਮਾਰ ਗਿਆ ਸੀ। ਉਹ 2019 ਵਿੱਚ ਮੁੜ ਸਾਊਦੀ ਅਰਬ ਗਿਆ ਸੀ। ਚਾਰ ਸਾਲਾਂ ਮਗਰੋਂ ਛੁੱਟੀ ਮੰਗਣ ’ਤੇ ਕੰਪਨੀ ਨੇ ਚੋਰੀ ਦਾ ਦੋਸ਼ ਲਾ ਕੇ ਉਸ ਨੂੰ ਤੰਗ ਕਮਰੇ ’ਚ ਬੰਦ ਕਰ ਦਿੱਤਾ। ਇੱਥੇ ਉਸ ਨੂੰ ਦਿਨ ’ਚ ਸਿਰਫ਼ ਦੋ ਵਾਰ ਖਾਣਾ ਦਿੱਤਾ ਜਾਂਦਾ ਸੀ। ਨਰੇਸ਼ ਦੀ ਪਤਨੀ ਨੇ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕੀਤਾ। ਸੀਚੇਵਾਲ ਵੱਲੋਂ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਕੇ ਦੋ ਮਹੀਨਿਆਂ ਤੋਂ ਕਮਰੇ ’ਚ ਬੰਦੀ ਬਣਾ ਕੇ ਰੱਖੇ ਨਰੇਸ਼ ਕੁਮਾਰ ਨੂੰ ਆਜ਼ਾਦ ਕਰਵਾਇਆ। ਬਾਅਦ ’ਚ ਕੰਪਨੀ ਨੇ ਉਸ ਨੂੰ ਝੂਠੇ ਕੇਸ ’ਚ ਪੁਲੀਸ ਨੂੰ ਫੜਾ ਦਿੱਤਾ ਜਿੱਥੇ ਚੋਰੀ ਦੇ ਫਰਜ਼ੀ ਕੇਸ ਵਿੱਚ ਸੱਤ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ। ਅਦਾਲਤ ਨੇ ਦੋਸ਼ ਸਾਬਤ ਨਾ ਹੋਣ ’ਤੇ ਉਸ ਨੂੰ ਬਰੀ ਕਰ ਦਿੱਤਾ। ਇਸ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਸ੍ਰੀ ਸੀਚੇਵਾਲ ਦੀ ਮੁੜ ਅਪੀਲ ਮਗਰੋਂ ਭਾਰਤੀ ਦੂਤਾਵਾਸ ਨੇ ਦਖ਼ਲ ਦਿੱਤਾ।