ਸਾਊਥ ਇੰਡੀਅਨ ਪੰਜਾਬੀ
ਡਾ. ਗੁਰਤੇਜ ਸਿੰਘ
ਗਲਤ ਫ਼ਹਿਮੀ ਅਕਸਰ ਝਮੇਲਾ ਸਹੇੜਦੀ ਹੈ ਜੋ ਆਪਣੇ ਨਾਲ ਹਜ਼ਾਰਾਂ ਝੰਜਟ ਵੀ ਲੈ ਕੇ ਆੳਂੁਦੀ ਹੈ ਪਰ ਕਈ ਵਾਰ ਇਹ ਹਾਸੇ-ਠੱਠੇ ਦਾ ਸਾਧਨ ਵੀ ਹੋ ਨਿੱਬੜਦੀ ਹੈ। ਅਕਸਰ ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਦੂਸਰਿਆਂ ਬਾਰੇ ਗਲਤ ਅੰਦਾਜ਼ੇ ਲਗਾ ਬੈਠਦੇ ਹਾਂ ਜੋ ਕਿਸੇ ਇਨਸਾਨ ਦੇ ਰਹਿਣ ਸਹਿਣ, ਵੇਸ਼ਭੂਸਾ ਨੂੰ ਦੇਖ ਕੇ ਲਗਾਏ ਜਾਂਦੇ ਹਨ। ਕਈ ਸਾਲ ਪਹਿਲਾਂ ਵਾਪਰੀ ਅਜਿਹੀ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ। ਉਸ ਸਮੇਂ ਮੈਂ ਬਠਿੰਡਾ ਵਿਚ ਅੰਡਰ-ਗ੍ਰੈਜੂਏਸ਼ਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਦਾ ਸੀ। ਆਪਣੀ ਪੜ੍ਹਾਈ ਦੀ ਫੀਸ ਦਾ ਜੁਗਾੜ ਕਰਨ ਲਈ ਬਠਿੰਡਾ ਦੇ ਇੱਕ ਮੈਡੀਕਲ ਕਾਲਜ ਵਿਚ ਪਾਰਟ ਟਾਈਮ ਨੌਕਰੀ ਸ਼ੁਰੂ ਕਰ ਦਿੱਤੀ ਸੀ। ਦਰਅਸਲ, ਉੱਥੇ ਸਾਡੀ ਰਿਸ਼ਤੇਦਾਰੀ ਵਿਚੋਂ ਡਾਕਟਰ ਕੁਲਦੀਪ ਸਿੰਘ ਐਮਰਜੈਂਸੀ ਵਿਭਾਗ ਵਿਚ ਈਐੱਮਓ (ਐਮਰਜੈਂਸੀ ਮੈਡੀਕਲ ਅਫ਼ਸਰ) ਦੇ ਪਦ ‘ਤੇ ਤਾਇਨਾਤ ਸਨ। ਉਨ੍ਹਾਂ ਦੇ ਸਮਝਾਉਣ ‘ਤੇ ਹੀ ਮੈਂ ਮੈਡੀਕਲ ਦੀ ਛੱਡੀ ਹੋਈ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਸੀ, ਇਸੇ ਕਾਰਨ ਉਨ੍ਹਾਂ ਕੋਲ ਮੇਰਾ ਆਉਣਾ ਜਾਣਾ ਆਮ ਹੀ ਸੀ। ਮੈਂ ਐਮਰਜੈਂਸੀ ਵਿਭਾਗ ਵਿਚ ਵਾਰਡ ਬੁਆਏ ਦੀ ਨੌਕਰੀ ਕਰਦਾ ਸੀ। ਮੈਡੀਕਲ ਦਾ ਵਿਦਿਆਰਥੀ ਅਤੇ ਡਾਕਟਰ ਕੁਲਦੀਪ ਸਿੰਘ ਦਾ ਕਰੀਬੀ ਹੋਣ ਕਾਰਨ ਸਾਰੇ ਡਾਕਟਰਾਂ ਨਾਲ ਚੰਗੀ ਬਣਦੀ ਸੀ; ਜਿ਼ਆਦਾ ਸਮਾਂ ਅਸੀਂ ਦੋਵੇਂ ਇਕੱਠੇ ਜੋ ਰਹਿੰਦੇ ਸਾਂ।
ਉਸ ਦਿਨ ਸਵੇਰੇ ਰੋਜ਼ ਵਾਂਗ ਫਿਜ਼ੀਸ਼ੀਅਨ ਡਾ. ਜਗਜੀਤ ਸਿੰਘ ਬਾਹੀਆ ਐਮਰਜੈਂਸੀ ਵਾਰਡ ਵਿਚ ਦਾਖ਼ਲ ਆਪਣੇ ਜਿਗਰ ਖਰਾਬ ਮਰੀਜ਼ ਨੂੰ ਦੇਖ ਰਹੇ ਸਨ। ਉਸ ਮਰੀਜ਼ ਦੇ ਗਲੂਕੋਜ਼ ਲਗਾਉਣ ਲਈ ਕੋਈ ਨਾੜ (ਨਸ) ਨਹੀਂ ਲੱਭ ਰਹੀ ਸੀ, ਇਸ ਕਰ ਕੇ ਉਨ੍ਹਾਂ ਮਰੀਜ਼ ਦੇ ਸੈਂਟਰ ਲਾਈਨ ਪਵਾਉਣ ਲਈ ਕਿਹਾ। ਇਸ ਕੰਮ ਲਈ ਐਨਸਥੀਸੀਆ ਵਿਭਾਗ (ਮਰੀਜ਼ ਨੂੰ ਬੇਹੋਸ਼ ਕਰਨ ਵਾਲੇ) ਨੂੰ ਸੂਚਿਤ ਕੀਤਾ ਗਿਆ ਤਾਂ ਜੋ ਉਹ ਜਲਦੀ ਆ ਕੇ ਮਰੀਜ਼ ਦੇ ਸੈਂਟਰ ਲਾਈਨ ਪਾਉਣ। ਉਸ ਤੋਂ ਬਾਅਦ ਸੜਕ ਦੁਰਘਟਨਾ ਦਾ ਕੇਸ ਆਉਣ ਕਰ ਕੇ ਐਮਰਜੈਂਸੀ ਮੈਡੀਕਲ ਅਫਸਰ ਉੱਧਰ ਰੁੱਝ ਗਿਆ ਸੀ। ਐਨਸਥੀਸੀਆ ਡਾਕਟਰ ਸ਼ੋਭਾ ਅਗਰਵਾਲ ਆਈ ਤੇ ਉਸ ਨੇ ਨਰਸਿੰਗ ਸਟਾਫ ਨੂੰ ਸੈਂਟਰ ਲਾਈਨ ਪਾਉਣ ਦਾ ਸਮਾਨ ਤਿਆਰ ਕਰਨ ਲਈ ਕਿਹਾ। ਮੈਂ ਵੀ ਨਰਸਿੰਗ ਸਟਾਫ ਕੋਲ ਖੜ੍ਹਾ ਸੀ। ਜ਼ਰੂਰੀ ਸਮਾਨ ਦੀ ਤਿਆਰੀ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਮੇਰੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ, “ਚਲੋ ਡਾਕਟਰ ਸਾਬ੍ਹ, ਕਰੀਏ ਕੰਮ ਸ਼ੁਰੂ।” ਮੈਂ ਹੈਰਾਨ ਹੋ ਕੇ ਉਨ੍ਹਾਂ ਵੱਲ ਦੇਖਿਆ ਤੇ ਫਿਰ ਉਨ੍ਹਾਂ ਨਾਲ ਹੀ ਮਰੀਜ਼ ਵੱਲ ਵਧਿਆ।
ਉਨ੍ਹਾਂ ਸੈਂਟਰ ਲਾਈਨ ਪਾਉਣੀ ਸ਼ੁਰੂ ਕੀਤੀ ਤੇ ਮੈਨੂੰ ਕਾਫੀ ਕੁਝ ਪੁੱਛਿਆ; ਹੌਲੀ ਆਵਾਜ਼ ਕਾਰਨ ਮੈਂ ਕੋਈ ਜਵਾਬ ਨਾ ਦੇ ਸਕਿਆ। ਸੈਂਟਰ ਲਾਈਨ ਪਾਉਣ ਤੋਂ ਬਾਅਦ ਅਚਾਨਕ ਉਨ੍ਹਾਂ ਉੱਚੀ ਆਵਾਜ਼ ‘ਚ ਕਿਹਾ, “ਆਪ ਇਸ ਪਰ ਅੱਛੇ ਸੇ ਟੇਪ (ਚੇਪੀ) ਲਗਾ ਦੇਣਾ।” ਮੇਰੇ ਮੂੰਹੋਂ ਸਹਿਜ ਸੁਭਾਅ ਹੀ ਨਿਕਲ ਗਿਆ- “ਯੈੱਸ ਮੈਮ ਆਫ ਕਾਰਸ।” ਉਨ੍ਹਾਂ ਮੁਸਕਰਾਹਟ ਭਰੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ, “ਮੈਂ ਕਬ ਸੇ ਪੰਜਾਬੀ ਮੇਂ ਬੋਲ ਰਹੀ ਹੂੰ, ਮੁਝੇ ਕਿਆ ਪਤਾ ਥਾ ਆਪ ਸਾਊਥ ਇੰਡੀਅਨ ਹੋ।” ਇਹ ਸੁਣ ਕੇ ਮੇਰੇ ਨਾਲ ਨਾਲ ਨਰਸਿੰਗ ਸਟਾਫ ਅਤੇ ਉੱਥੇ ਮੌਜੂਦ ਵਿਦਿਆਰਥੀਆਂ ਨੇ ਹੱਸਣਾ ਚਾਹਿਆ ਪਰ ਡਾ. ਸ਼ੋਭਾ ਤੋਂ ਡਰਦਿਆਂ ਕੋਈ ਹੱਸ ਨਾ ਸਕਿਆ। ਮੈਂ ਮੁਸਕਰਾਉਂਦੇ ਹੋਏ ਕਿਹਾ, “ਮੈਡਮ ਤੁਹਾਨੂੰ ਕਿਸ ਨੇ ਕਿਹਾ, ਮੈਂ ਸਾਊਥ ਇੰਡੀਅਨ ਹਾਂ। ਮੈਂ ਤਾਂ ਇੱਧਰੋਂ (ਪੰਜਾਬ) ਹੀ ਹਾਂ।”
“ਹੈਂ! ਤੂੰ ਪੰਜਾਬੀ ਹੈਂ! ਲੱਗਦਾ ਬਿਲਕੁਲ ਵੀ ਨਹੀਂ।” ਡਾ. ਸ਼ੋਭਾ ਨੇ ਹੈਰਾਨ ਹੁੰਦਿਆਂ ਕਿਹਾ। ਮਰੀਜ਼ ਤੋਂ ਵਿਹਲੇ ਹੋ ਕੇ ਮੈਂ ਡਾ. ਸ਼ੋਭਾ ਨੂੰ ਦੱਸਿਆ ਕਿ ਮੈਂ ਡਾਕਟਰ ਵੀ ਨਹੀਂ ਹਾਂ, ਵਾਰਡ ਬੁਆਏ ਹਾਂ।” ਬਾਅਦ ਵਿਚ ਮੈਂ ਨਰਸਿੰਗ ਸਟਾਫ ਨੂੰ ਪੁੱਛਿਆ, “ਮੈਂ ਕਿਹੜੇ ਪਾਸਿਉਂ ਸਾਊਥ ਇੰਡੀਅਨ ਲੱਗਦਾ ਹਾਂ।” ਉਨ੍ਹਾਂ ਕਿਹਾ, “ਤੁਹਾਡਾ ਚਿਹਰਾ ਮੋਹਰਾ, ਵਾਲਾਂ ਦਾ ਸਟਾਈਲ ਅਤੇ ਫਰੈਂਚ ਕੱਟ ਦਾੜ੍ਹੀ ਸਾਊਥ ਇੰਡੀਅਨ ਹੋਣ ਦਾ ਭੁਲੇਖਾ ਪਾਉਂਦੀ ਹੈ। ਮੈਡੀਕਲ ਦਾ ਵਿਦਿਆਰਥੀ ਹੋਣ ਕਾਰਨ ਅੰਗਰੇਜ਼ੀ ਅਤੇ ਮੈਡੀਕਲ ਸ਼ਬਦਾਂ ‘ਤੇ ਚੰਗੀ ਪਕੜ ਤੇ ਰੰਗ ਪੱਕਾ ਹੋਣ ਕਾਰਨ ਤੁਹਾਡੀ ਦਿੱਖ ਸਾਊਥ ਇੰਡੀਅਨ ਵਰਗੀ ਲਗਦੀ ਹੈ।” ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਕਿ ਮੈਨੂੰ ਪਤਾ ਹੀ ਨਹੀ ਕਿ ਮੈਂ ਦੱਖਣ ਭਾਰਤ ਤੋਂ ਆਏ ਲੋਕਾਂ ਵਰਗਾ ਦਿਸਦਾ ਹਾਂ!
ਮਹੀਨੇ ਬਾਅਦ ਮੇਰੀ ਸ਼ਾਮ ਦੀ ਡਿਊਟੀ ਸੀ ਤੇ ਉਸ ਦਿਨ ਡਾਕਟਰ ਕੁਲਦੀਪ ਸਿੰਘ ਵੀ ਡਿਊਟੀ ‘ਤੇ ਸਨ। ਅਸੀਂ ਦੋਵੇਂ ਬੈਠੇ ਗੱਲਬਾਤ ਕਰ ਰਹੇ ਸਾਂ। ਸ਼ਾਮ 7 ਕੁ ਵਜੇ ਹੱਡੀਆਂ ਜੋੜਾਂ ਦੇ ਮਾਹਿਰ ਡਾਕਟਰ ਅਰਵਿੰਦਰ ਸਿੰਘ ਆਪਣਾ ਮਰੀਜ਼ ਦੇਖਣ ਆਏ। ਸਾਡੇ ਕੋਲ ਆ ਕੇ ਉਨ੍ਹਾਂ ਕਿਹਾ, “ਆਜੋ ਮਰੀਜ਼ ਦੇਖੀਏ।” ਡਾ. ਕੁਲਦੀਪ ਉੱਠ ਕੇ ਉਨ੍ਹਾਂ ਨਾਲ ਤੁਰ ਪਏ ਤੇ ਮੈਂ ਵਾਪਸ ਆਪਣੀ ਕੁਰਸੀ ‘ਤੇ ਬੈਠ ਕੇ ਫਾਈਲ ਦਾ ਕੰਮ ਕਰਨ ਲੱਗ ਗਿਆ। ਡਾ. ਅਰਵਿੰਦਰ ਨੇ ਮੁੜ ਕੇ ਮੇਰੇ ਵੱਲ ਦੇਖਿਆ ਤੇ ਕਿਹਾ, “ਡਾਕਟਰ ਸਾਬ੍ਹ, ਤੁਸੀਂ ਵੀ ਆ ਜਾਉ, ਸਾਡੇ ਮਰੀਜ਼ ਵੀ ਦੇਖਿਆ ਕਰੋ।” ਮੈਂ ਕਿਹਾ, “ਸਰ ਮੈਂ ਡਾਕਟਰ ਨਹੀਂ ਹਾਂ ਤੇ ਅੰਡਰ-ਗ੍ਰੈਜੂਏਸ਼ਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹਾਂ।” ਇਹ ਸੁਣ ਕੇ ਉਹ ਵਾਪਸ ਕੁਰਸੀ ‘ਤੇ ਬੈਠ ਗਏ ਤੇ ਹੈਰਾਨੀ ਨਾਲ ਪੁੱਛਿਆ, “ਤੂੰ ਸੱਚੀਂ ਡਾਕਟਰ ਨਹੀਂ ਤੇ ਪੰਜਾਬੀ ਵੀ ਬੋਲਦੈਂ। ਮੈਂ ਤਾਂ ਦੋ ਮਹੀਨਿਆਂ ਤੋਂ ਇਹੀ ਸਮਝ ਰਿਹਾ ਸੀ ਕਿ ਜੋ ਸਾਊਥ ਤੋਂ ਡਾਕਟਰ ਆਏ ਸਨ, ਬਾਕੀ ਸਾਰੇ ਵਾਪਸ ਚਲੇ ਗਏ, ਤੂੰ ਇਕੱਲਾ ਇੱਥੇ ਰਹਿ ਗਿਆ।”
ਡਾ. ਅਰਵਿੰਦਰ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਤੇ ਡਾ. ਕੁਲਦੀਪ ਬਹੁਤ ਹੱਸੇ। ਮੈਂ ਹੱਸਦੇ ਹੋਏ ਕਿਹਾ, “ਸਰ, ਡਾ. ਸ਼ੋਭਾ ਵੀ ਮੈਨੂੰ ਸਾਊਥ ਇੰਡੀਅਨ ਸਮਝ ਬੈਠੇ ਸਨ।” ਇਹ ਸੁਣ ਕੇ ਡਾ. ਅਰਵਿੰਦਰ ਵੀ ਬਹੁਤ ਹੱਸੇ। ਅੱਜ ਜਦਂੋ ਕਿਤੇ ਡਾ. ਅਰਵਿੰਦਰ ਤੇ ਡਾ. ਕੁਲਦੀਪ ਮਿਲਦੇ ਹਨ ਤਾਂ ਉਹ ਮੈਨੂੰ ਸਾਊਥ ਇੰਡੀਅਨ ਕਹਿ ਕੇ ਖ਼ੂਬ ਹੱਸਦੇ ਹਨ।
ਸੰਪਰਕ: 95173-96001