ਸਾਈਬਰ ਸੁਰੱਖਿਆ ਅਤੇ ਏਆਈ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ
ਲੁਧਿਆਣਾ, 8 ਜਨਵਰੀ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਐਨਫੋਰਮੇਸ਼ਨ ਤਕਨਾਲੋਜੀ ਵਿਭਾਗ ਨੇ ‘ਅਗਲੀ ਪੀੜ੍ਹੀ ਦੇ ਸਾਈਬਰ ਵਿਸ਼ਲੇਸ਼ਣ ਲਈ ਏਆਈ ਅਤੇ ਡੇਟਾ ਸਾਇੰਸ ਦੀ ਵਰਤੋਂ’ ਵਿਸ਼ੇ ’ਤੇ ਛੇ ਰੋਜ਼ਾ ਅਟਲ ਸਪਾਂਸਰਡ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਵਿੱਚ ਆਨਲਾਈਨ ਮੋਡ ਜ਼ਰੀਏ ਭਾਰਤ ਭਰ ਦੇ ਏਆਈਸੀਈਟੀ-ਪ੍ਰਵਾਨਿਤ ਸੰਸਥਾਵਾਂ ਤੋਂ 450 ਦੇ ਕਰੀਬ ਫੈਕਲਟੀ ਮੈਂਬਰਾਂ ਅਤੇ ਖੋਜਕਰਤਾਵਾਂ ਨੇ ਉਤਸ਼ਾਹਪੂਰਵਕ ਭਾਗ ਲਿਆ।
ਪ੍ਰੋਗਰਾਮ ਵਿਚ ਗੂਗਲ ਤੋਂ ਡਾ. ਸਰਬਜੀਤ ਸਿੰਘ, ਡਾ. ਅਮਿਤ ਦੋਏਗਰ, ਡਾ. ਪਿਯੂਸ਼ ਕੁਮਾਰ ਪਾਰੀਕ ਤੇ ਡਾ. ਵੈਭਵ ਬਾਂਸਲ ਨੇ ਬਤੌਰ ਬੁਲਾਰੇ ਸ਼ਮੂਲੀਅਤ ਕਰਦਿਆਂ ਏਆਈ, ਡੇਟਾ ਸਾਇੰਸ ਤੇ ਸਾਈਬਰ ਸੁਰੱਖਿਆ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਦੌਰਾਨ ਐੱਨਆਈਟੀਟੀਟੀਆਰ, ਚੰਡੀਗੜ੍ਹ ਵੱਲੋਂ ਡਾ. ਬਲਵਿੰਦਰ ਸਿੰਘ ਧਾਲੀਵਾਲ ਨੇ ਮਸ਼ੀਨ ਲਰਨਿੰਗ, ਡਾ. ਵੈਭਵ ਬਾਂਸਲ ਨੇ ਰੀਕਰੰਟ ਨਿਊਰਲ ਨੈੱਟਵਰਕ, ਡਾ. ਸੁਖਜੀਤ ਸਿੰਘ ਸੇਹਰਾ ਵੱਲੋਂ ਸਾਈਬਰ ਸਕਿਓਰਿਟੀ ਤੇ ਡਾ. ਮਨਪ੍ਰੀਤ ਮੱਲ੍ਹੀ (ਕੈਨੇਡਾ) ਨੇ ਨੈਤਿਕ ਏਆਈ ਉੱਤੇ ਵਿਚਾਰ ਸਾਂਝੇ ਕੀਤੇ ਗਏ। ਇੰਜਨੀਅਰ ਗੌਰਵ ਕੁਮਾਰ ਨੇ ਇਸ ਦੌਰਾਨ ਡੇਟਾ ਵਿਸ਼ਲੇਸ਼ਣ ਨਵੀਨਤਾਵਾਂ ’ਤੇ ਅਸਲ-ਸੰਸਾਰ ਦੇ ਕੇਸ ਅਧਿਐਨਾਂ ਨਾਲ ਪ੍ਰੋਗਰਾਮ ਨੂੰ ਹੋਰ ਜਾਣਕਾਰੀ ਭਰਪੂਰ ਬਣਾਇਆ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਇਸ ਪ੍ਰਭਾਵਸ਼ਾਲੀ ਪਹਿਲਕਦਮੀ ਰਾਹੀਂ ਇੱਕ ਮਜ਼ਬੂਤ ਅਕਾਦਮਿਕ-ਉਦਯੋਗ ਸੰਗਠਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ. ਪੰਕਜ ਭਾਂਬਰੀ ਅਤੇ ਡਾ. ਸੰਦੀਪ ਕੁਮਾਰ ਸਿੰਗਲਾ ਦੀ ਸ਼ਲਾਘਾ ਕੀਤੀ।