ਸਾਈਬਰ ਅਪਰਾਧ ਸੈੱਲ ਵੱਲੋਂ ਫ਼ਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 18 ਜੂਨ
ਮੁਹਾਲੀ ਪੁਲੀਸ ਦੇ ਸਾਈਬਰ ਅਪਰਾਧ ਸੈੱਲ ਨੇ ਸੈਕਟਰ-91 ਵਿੱਚ ਚੱਲ ਰਹੇ ਗ਼ੈਰਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਪੀੜਤ ਲੋਕਾਂ ਨਾਲ ਲਗਪਗ 50 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਖ਼ੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਔਰਤ ਸਣੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਪਾਂਡੇਵਾਸੀ ਵਾਡਲਾ ਈਸਟ (ਮਹਾਰਾਸ਼ਟਰ), ਅਕਸ਼ੈ ਕੁਮਾਰ ਵਾਸੀ ਬਾਹੂ ਫੋਰਟ (ਜੰਮੂ ਕਸ਼ਮੀਰ), ਪ੍ਰਦੀਸ ਦਾਸ ਵਾਸੀ ਚੰਗਲੰਗ (ਅਰੁਣਾਚਲ ਪ੍ਰਦੇਸ਼), ਅਮਿਤ ਤਿਵਾੜੀ ਤੇ ਅਰਪਿਤਾ ਸਰਬਾਬਿਦਿਆਂ ਦੋਵੇਂ ਵਾਸੀ ਨੌਰਥ 24 ਪਰਗਨਾ (ਪੱਛਮੀ ਬੰਗਾਲ), ਮੁਕੁਲ ਸਿੰਘ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼), ਸ਼ਾਨ ਸਕੀਨ ਤੇ ਅਰਫੀਨ ਸਦੀਕ ਵਾਸੀ ਕੋਲਕਾਤਾ ਵਜੋਂ ਹੋਈ ਹੈ। ਸਾਰੇ ਮੁਲਜ਼ਮ ਐਕਮੇ ਈਡਨ ਕੋਰਟ ਸੈਕਟਰ-91 (ਮੁਹਾਲੀ) ਵਿੱਚ ਪੰਜਵੀਂ ਮੰਜ਼ਿਲ ’ਤੇ ਫਲੈਟ ਵਿੱਚ ਰਹਿ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਡੀਐੱਸਪੀ (ਸਾਈਬਰ ਅਪਰਾਧ ਤੇ ਫੋਰੈਂਸਿਕ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਸਾਈਬਰ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-91 ਦੇ ਫਲੈਟ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ। ਸੂਚਨਾ ਦੀ ਪੁਸ਼ਟੀ ਹੋਣ ’ਤੇ ਕੇਸ ਦਰਜ ਕਰ ਕੇ ਛਾਪਾ ਮਾਰਿਆ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਡੀਐਸਪੀ ਸੋਹੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇੱਥੇ 6 ਮਹੀਨੇ ਤੋਂ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਮੁੱਢਲੀ ਜਾਂਚ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਇਹ ਗਰੋਹ ਹੁਣ ਤੱਕ ਲਗਪਗ 50 ਕਰੋੜ ਦੀ ਠੱਗੀ ਮਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਵਰਤੇ ਜਾ ਰਹੇ ਦਰਜਨ ਲੈਪਟਾਪ, 14 ਮੋਬਾਈਲ ਫੋਨ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਹੈ।