ਸਾਂਝੇ ਮੋਰਚੇ ਵੱਲੋਂ ਵਿਧਾਇਕ ਦੇ ਘਰ ਦਾ ਘਿਰਾਓ
ਪਾਤੜਾਂ, 18 ਮਈ
ਬਾਜ਼ੀਗਰ ਭਾਈਚਾਰਾ ਅਤੇ ਵਿਮੁਕਤ ਜਾਤੀਆਂ ਦੇ ਸਾਂਝੇ ਮੋਰਚੇ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਘਰ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸਤੋਂ ਪਹਿਲਾਂ ਮੋਰਚੇ ਦੇ ਵਰਕਰਾਂ ਨੇ ਅਨਾਜ ਮੰਡੀ ਪਾਤੜਾਂ ਇਕੱਠੇ ਹੋਣ ਮਗਰੋਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਰੋਸ ਮਾਰਚ ਕੀਤਾ।
ਵਿਮੁਕਤ ਕਬੀਲੇ ਸੰਯੁਕਤ ਮੋਰਚਾ ਪੰਜਾਬ ਦੇ ਆਗੂ ਡਾਕਟਰ ਬਲਵਿੰਦਰ ਸਿੰਘ ਅਲੀਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 22 ਸਾਲ ਤੋਂ ਲਗਾਤਾਰ ਮਿਲਦੇ ਆ ਰਹੇ ਲੰਗੜੇ ਕੋਟੇ ਨੂੰ ਕੱਟਣ ਸਬੰਧੀ 15 ਸਤੰਬਰ, 2022 ਨੂੰ ਇੱਕ ਪੱਤਰ ਜਾਰੀ ਕਰ ਕੇ ਬਾਜ਼ੀਗਰ ਅਤੇ ਵਿਮੁਕਤ ਜਾਤੀਆਂ ਨੂੰ ਮਿਲਦਾ ਦੋ ਫ਼ੀਸਦੀ ਕੋਟਾ ਕੱਟ ਦਿੱਤਾ ਸੀ, ਜਿਸ ਕਾਰਨ ਇਨ੍ਹਾਂ ਜਾਤੀਆਂ ਨਾਲ ਸਬੰਧਤ ਹਜ਼ਾਰਾਂ ਬੱਚਿਆਂ ਨੂੰ ਨੌਕਰੀਆਂ ਤੋਂ ਵਾਂਝੇ ਕਰ ਦਿੱਤਾ ਹੈ।
ਸੈਂਕੜੇ ਬੱਚੇ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਵਿੱਚ ਸ਼ਰਤਾਂ ਅਨੁਸਾਰ ਸਾਰੀ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਸੀ, ਉਨ੍ਹਾਂ ਨੂੰ ਵੀ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕੇ ਹਰਾ ਪੈੱਨ ਗਰੀਬਾਂ ਦੇ ਹੱਕ ਵਿੱਚ ਚੱਲੇਗਾ, ਉਹੀ ਹਰਾ ਪੈੱਨ ਗਰੀਬਾਂ ਅਤੇ ਆਮ ਲੋਕਾਂ ਖ਼ਿਲਾਫ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਹਰ ਪਲੇਟਫਾਰਮ ’ਤੇ ਲਗਾਤਾਰ ਫੇਲ੍ਹ ਹੋ ਰਹੀ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਚੋਣਾਂ ਸਮੇਂ ਚੋਣ ਪ੍ਰਚਾਰ ਦੇ ਦਿਨਾਂ ਵਿੱਚ ਹਰ ਥਾਂ ਪੱਕੇ ਤੌਰ ’ਤੇ ਮੋਰਚਾ ਲਾ ਕੇ ‘ਆਪ’ ਦਾ ਵਿਰੋਧ ਕੀਤਾ ਜਾਵੇਗਾ ਅਤੇ ਹਲਕੇ ਵਿੱਚ ਕਿਸੇ ਵੀ ਪ੍ਰੋਗਰਾਮ ’ਚ ਆਮ ਆਦਮੀ ਦੇ ਬੁਲਾਰਿਆਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ‘ਆਪ’ ਆਗੂਆਂ ਦਾ ਹਰ ਥਾਂ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਮੋਰਚੇ ਦੇ ਆਗੂ ਸਰਬਨ ਸਿੰਘ ਪੰਜਗਰਾਈ, ਕੇਹਰ ਸਿੰਘ ਬਡਰੁੱਖਾਂ, ਜਸਪਾਲ ਸਿੰਘ ਪੰਜਗਰਾਈ, ਬੋਹੜ ਸਿੰਘ ਰੁਪਾਣਾ, ਮੇਜ਼ਰ ਸਿੰਘ ਕਲੇਰ, ਨਿਧਾਨ ਸਿੰਘ ਜੈਖ਼ਰ, ਮਨਪ੍ਰੀਤ ਸਿੰਘ ਮਲੋਟ, ਗੁਰਪਾਲ ਸੰਧਵਾਂ, ਗਗਨਦੀਪ ਸਿੰਘ, ਮਨਪ੍ਰੀਤ ਮੁਕਤਸਰ, ਗੁਰਮੇਲ ਕੌਰ ਬਰਨਾਲਾ, ਪਰਮਜੀਤ ਕੌਰ ਬਾਦਸ਼ਾਹਪੁਰ ਅਤੇ ਹਰਪ੍ਰੀਤ ਕੌਰ ਘੱਗਾ ਨੇ ਸੰਬੋਧਨ ਕੀਤਾ।