ਸਾਂਝਾ ਅਧਿਆਪਕ ਮੋਰਚਾ ਵੱਲੋਂ ਅਰਥੀ ਫੂਕ ਮੁਜ਼ਾਹਰਾ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਮਈ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਫ਼ੈਸਲੇ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਮਨੋਹਰ ਲਾਲ ਸ਼ਰਮਾ, ਪ੍ਰਗਟ ਸਿੰਘ ਜੰਬਰ, ਲਖਵੀਰ ਸਿੰਘ ਹਰੀਕੇ, ਅਮਰਜੀਤ ਸਿੰਘ ਦੀ ਅਗਵਾਈ ’ਚ ਸਿੱਖਿਆ ਮੰਤਰੀ ਦੇ ਅਧਿਆਪਕ ਵਿਰੋਧੀ ਵਤੀਰੇ ਨੂੰ ਲੈ ਕੇ ਮਾਈ ਭਾਗੋ ਪਾਰਕ ’ਚ ਇਕੱਠੇ ਹੋਣ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲ ਰੋਸ ਮਾਰਚ ਕੀਤਾ ਅਤੇ ਸਿੱਖਿਆ ਮੰਤਰੀ ਦੀ ਅਰਥੀ ਸਾੜੀ ਗਈ। ਇਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਆਪਣੇ ਅੜੀਅਲ ਵਤੀਰੇ ਕਾਰਨ ਅਧਿਆਪਕ ਜਥੇਬੰਦੀਆਂ ਨਾਲ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੈ, ਉਥੇ ਅਧਿਆਪਕਾਂ ਨੂੰ ਸਮੇਂ ਸਮੇਂ ’ਤੇ ਗੈਰ ਵਿੱਦਿਅਕ ਕੰਮਾਂ ’ਚ ਧੱਕਿਆ ਜਾ ਰਿਹਾ ਹੈ। ਪਹਿਲਾਂ ਤੋਂ ਚੁਣੇ ਗਏ ਅਧਿਆਪਕਾਂ ਨੂੰ ਲਿਸਟਾਂ ਦੀ ਦੁਬਾਰਾ ਸੁਧਾਈ ਦੇ ਨਾਂ ’ਤੇ ਨੌਕਰੀ ਤੋਂ ਬਾਹਰ ਕਰਨ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਲਈ ਬਦਲੀਆਂ ਦਾ ਪੋਰਟਲ ਨਹੀਂ ਖੋਲ੍ਹਿਆ ਜਾ ਰਿਹਾ। ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਅਧਿਆਪਕਾਂ ਨੂੰ ਪੜ੍ਹਾਈ ਤੋਂ ਪਾਸੇ ਕੀਤਾ ਜਾ ਰਿਹਾ ਹੈ ਅਤੇ ਸਕੂਲਾਂ ’ਚ ਸਿਆਸੀ ਦਖਲਅੰਦਾਜ਼ੀ ਵਧਾ ਕੇ ਮਾਹੌਲ ਨੂੰ ਗੈਰ ਵਿੱਦਿਅਕ ਕੀਤਾ ਜਾ ਰਿਹਾ ਹੈ। ਇਸ ਮੌਕੇ ਅਧਿਆਪਕਾਂ ਆਗੂਆਂ ਨੇ ਤਰਨ ਤਾਰਨ ਦੇ ਇਕ ਪ੍ਰਿੰਸੀਪਲ ਦੀ ਗਲਤ ਤਰੀਕੇ ਨਾਲ ਕੀਤੀ ਗਈ ਮੁਅੱਤਲੀ ਦੀ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਮੰਤਰੀ ਆਪਣਾ ਅੜੀਅਲ ਵਤੀਰਾ ਛੱਡ ਕੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਅਧਿਆਪਕ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ। ਇਸ ਮੌਕੇ ਅਧਿਆਪਕ ਆਗੂ ਪਰਮਜੀਤ ਸਿੰਘ, ਹਰਬਖਸ਼ ਬਹਾਦਰ ਸਿੰਘ, ਬਲਕਰਨ ਸਿੰਘ, ਵਿਕਰਮ ਸਿੰਘ, ਸਤੀਸ਼ ਕੌਸ਼ਿਕ, ਬਲਜਿੰਦਰ ਸਿੰਘ, ਜੀਵਨ ਸਿੰਘ, ਚਰਨਜੀਤ ਸਿੰਘ, ਪਰਮਿੰਦਰ ਸਿੰਘ, ਰਜਿੰਦਰ ਸੇਤੀਆ, ਮਨਜੀਤ ਸਿੰਘ, ਹਰਜੀਤ ਸਿੰਘ ਹਾਜ਼ਰ ਸਨ।