ਸਾਂਝਾ ਅਧਿਆਪਕ ਮੋਰਚਾ ਵੱਲੋਂ ਕਲਮ ਛੋੜ ਹੜਤਾਲ ਕਾਮਿਆਂ ਦੇ ਹੱਕ ’ਚ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਦਸੰਬਰ
ਸਾਂਝਾ ਅਧਿਆਪਕ ਮੋਰਚਾ ਮਾਨਸਾ ਵੱਲੋਂ ਸਮੱਗਰਾ ਸਿੱਖਿਆ ਅਭਿਆਨ ਅਤੇ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ ਕਰ ਰਹੇ ਕਰਮਚਾਰੀਆਂ ਦੇ ਹੱਕ ਵਿੱਚ ਮਾਨਸਾ ਵਿਖੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ ਅਲੀਸ਼ੇਰ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਅਨੁਸਾਰ ਨਾ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਸਕੀ ਹੈ ਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੀ ਬਜਾਏ ਤਨਖਾਹ ’ਤੇ ਕੱਟ ਲੱਗ ਰਿਹਾ ਹੈ, ਜਿਸ ਕਰਕੇ ਮਜਬੂਰਨ ਇਹ ਕਰਮਚਾਰੀ ਕਲਮ ਛੋੜ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਜਿੱਦੀ ਰਵੱਈਏ ਦੀ ਨਿੰਦਿਆਂ ਕੀਤੀ ਅਤੇ ਹਕੂਮਤ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਇਹਨਾਂ ਪੀੜਤ ਮੁਲਾਜ਼ਮਾਂ ਦੀ ਗੱਲ ਸੁਣੀ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ, ਜੋ ਕਿ ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਦੀ ਅਤੇ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਜਗਤਾਰ ਸਿੰਘ ਔਲਖ,ਸਮਰਜੀਤ ਅਤਲਾ,ਸਰਬਜੀਤ ਕੌਰ,ਅਨੀਤਾ ਰਾਣੀ, ਗੁਰਬਚਨ ਸਿੰਘ, ਵਰਿੰਦਰ ਬਰਾੜ, ਭਾਰਤ ਭੂਸ਼ਣ, ਸੁਖਜੀਤ ਸਿੰਘ ਗੇਹਲੇ,ਰਣਜੀਤ ਸਿੰਘ,ਰਾਜਦੀਪ ਭਲਾਈਕੇ, ਅਵਤਾਰ ਖਹਿਰਾ, ਜਗਜੀਵਨ ਸਿੰਘ,ਬਲਵੰਤ ਸਿੰਘ, ਮਨਿੰਦਰ ਜੀਤ ਸਿੰਘ, ਦਰਸ਼ਨਾ ਦੇਵੀ,ਬਲਜਿੰਦਰ ਕੌਰ, ਵੀਰਪਾਲ ਕੌਰ, ਸ਼ਾਂਤੀ ਦੇਵੀ, ਸੁਖਜੀਤ ਕੌਰ, ਸੁਸ਼ੀਲ ਕੁਮਾਰ, ਚਮਕੌਰ ਸਿੰਘ ਵੀ ਮੌਜੂਦ ਸਨ।