ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੱਕ ਦੀ ਸੂਈ ਪਾਕਿ ਵੱਲ

04:25 AM Apr 24, 2025 IST
featuredImage featuredImage

ਪਹਿਲਗਾਮ ਵਿੱਚ ਹੋਇਆ ਅਤਿਵਾਦੀ ਹਮਲਾ ਪੂਰੀ ਤਰ੍ਹਾਂ ਹਤਾਸ਼ਾ ਵਿੱਚ ਕੀਤਾ ਗਿਆ ਕੰਮ ਹੈ ਜਿਸ ਦੇ ਲਈ ਸ਼ੱਕ ਦੀ ਸੂਈ ਹਮੇਸ਼ਾ ਦੀ ਤਰ੍ਹਾਂ ਘੁੰਮ ਕੇ ਪਾਕਿਸਤਾਨ ’ਤੇ ਟਿਕ ਗਈ ਹੈ। ਇੱਕ ਅਜਿਹਾ ਮੁਲਕ ਜੋ ਆਪ ਅਤਿਵਾਦ ਨੇ ਬੁਰੀ ਤਰ੍ਹਾਂ ਨੋਚਿਆ ਹੋਇਆ ਹੈ, ਰਾਜਸੀ ਅਤੇ ਗ਼ੈਰ-ਰਾਜਸੀ ਤੱਤਾਂ ਰਾਹੀਂ ਭਾਰਤ ਨੂੰ ਦਰਦਨਾਕ ਜ਼ਖ਼ਮ ਦੇ ਕੇ ਆਪਣੀਆਂ ਨਾਪਾਕ ਨੀਤੀਆਂ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੁੰਦਾ ਹੈ। ਪਾਕਿਸਤਾਨ ਆਧਾਰਿਤ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਲਈ ਕੰਮ ਕਰ ਰਹੇ ‘ਦਿ ਰਿਜ਼ਿਸਟੰਸ ਫਰੰਟ’ ਨੇ ਆਮ ਨਾਗਰਿਕਾਂ ’ਤੇ ਹੋਏ ਇਸ ਘਿਨਾਉਣੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਪਿਛਲੀ ਜੁਰਅਤ ਨੇ 2008 ਦੇ ਮੁੰਬਈ ਹਮਲਿਆਂ ਦਾ ਚੇਤਾ ਕਰਵਾ ਦਿੱਤਾ ਹੈ, ਜਿਸ ਦੀ ਸਾਜ਼ਿਸ਼ ਲਸ਼ਕਰ ਨੇ ਹੀ ਘੜੀ ਸੀ।
ਇਹ ਕੋਈ ਇਤਫ਼ਾਕ ਨਹੀਂ ਕਿ ਹਮਲਾ ਅਮਰੀਕਾ ਤੋਂ 26/11 ਦੇ ਮੁਲਜ਼ਮ ਤਹੱਵੁਰ ਰਾਣਾ ਦੀ ਭਾਰਤ ਨੂੰ ਹਵਾਲਗੀ ਅਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੇ ਭਾਰਤ ਵਿਰੋਧੀ ਜ਼ਹਿਰੀਲੇ ਭਾਸ਼ਣ ਤੋਂ ਬਾਅਦ ਹੋਇਆ ਹੈ। ਜਨਰਲ ਆਸਿਮ ਮੁਨੀਰ ਨੇ ਹੀ ਦਰਅਸਲ 22 ਅਪਰੈਲ ਦੇ ਇਸ ਡਰਾਉਣੇ ਮੰਜ਼ਰ ਦੀ ਨੀਂਹ ਰੱਖੀ ਹੈ ਜਦੋਂ ਪਿਛਲੇ ਹਫ਼ਤੇ ਆਪਣੇ ਭਾਸ਼ਣ ਦੌਰਾਨ ਉਸ ਨੇ ਕਸ਼ਮੀਰ ਨੂੰ ਆਪਣੇ ਮੁਲਕ ਦੀ ‘ਜੀਵਨ ਰੇਖਾ’ ਦੱਸਿਆ ਜਦੋਂਕਿ ਬਲੋਚ ਬਗ਼ਾਵਤ ਨੇ ਪਹਿਲਾਂ ਹੀ ਜਨਰਲ ਮੁਨੀਰ ਅਤੇ ਉਸ ਦੀ ਸੈਨਾ ਦੀ ਨੀਂਦ ਉਡਾਈ ਹੋਈ ਹੈ, ਉਹ ਫਿਰ ਵੀ ‘ਟੂ-ਨੇਸ਼ਨ’ ਥਿਊਰੀ ਦੀ ਬਾਤ ਮੁੜ ਪਾ ਕੇ ਦਾਅਵਾ ਕਰ ਰਿਹਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ’ਚ ਕੁਝ ਵੀ ਮਿਲਦਾ-ਜੁਲਦਾ ਨਹੀਂ ਹੈ। ਗ਼ੈਰ-ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ- ਉਹ ਵੀ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਭਾਰਤ ਦੌਰੇ ਮੌਕੇ- ਅਤਿਵਾਦੀਆਂ ਅਤੇ ਉਨ੍ਹਾਂ ਦੇ ਉਸਤਾਦਾਂ ਨੇ ਸੁਭਾਵਿਕ ਤੌਰ ’ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਸ ਹਮਲੇ ਵਿੱਚ ਸੈਲਾਨੀਆਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ, ਪਰ ਹਮਲੇ ਦੀ ਨਿਖੇਧੀ ਕਰਨ ਤੋਂ ਪਰਹੇਜ਼ ਰੱਖਿਆ ਹੈ।
ਉੜੀ (2016) ਅਤੇ ਪੁਲਵਾਮਾ (2019) ਵਿੱਚ ਹੋਏ ਦਹਿਸ਼ਤੀ ਹਮਲਿਆਂ ਦਾ ਜਵਾਬ ਭਾਰਤ ਨੇ ਤਿੱਖੀ ਸਰਹੱਦ ਪਾਰ ਕਾਰਵਾਈ ਨਾਲ ਦਿੱਤਾ ਸੀ। ਪਾਣੀ ਸਿਰੋਂ ਲੰਘਦਾ ਦੇਖਦਿਆਂ, ਕੀ ਪਹਿਲਗਾਮ ਦੇ ਕਤਲੇਆਮ ਦਾ ਵੀ ਅਜਿਹਾ ਹੀ ਜਵਾਬ ਦਿੱਤਾ ਜਾਵੇਗਾ? ਮੋਦੀ ਸਰਕਾਰ, ਜੋ ਆਪਣੇ ਬਲ ’ਤੇ ਮਾਣ ਕਰਦੀ ਹੈ, ਇਸ ਵੇਲੇ ਮੁੜ ਤੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਜ਼ੋਰਦਾਰ ਦਬਾਅ ਹੇਠ ਹੈ। ਕੂਟਨੀਤਕ ਮੋਰਚੇ ਉੱਤੇ ਨਵੀਂ ਦਿੱਲੀ ਕੋਲ ਵੱਡਾ ਮੌਕਾ ਹੈ ਕਿ ਉਹ ਕੌਮਾਂਤਰੀ ਮੈਦਾਨ ਅੰਦਰ ਇਸਲਾਮਾਬਾਦ ਦਾ ਸਪੱਸ਼ਟ ਨਾਂ ਲੈ ਕੇ ਇਸ ਨੂੰ ਸ਼ਰਮਸਾਰ ਕਰੇ। ਰਾਣਾ ਦੀ ਪੁੱਛਗਿੱਛ ਤੋਂ ਉਮੀਦ ਹੈ ਕਿ ਭਾਰਤ ਦੇ ਉਸ ਸਥਾਈ ਰੁਖ਼ ਦੀ ਪੁਸ਼ਟੀ ਹੋਵੇਗੀ ਕਿ ਪਾਕਿਸਤਾਨ ਅਤਿਵਾਦ ਦਾ ਬੇਕਾਬੂ ਟਿਕਾਣਾ ਹੈ। ਦਿੱਲੀ ਦੇ ਇਸ ਤਰਕ ਨੂੰ ਪਹਿਲਗਾਮ ਹਮਲੇ ਦੀ ਜਾਂਚ ਨਾਲ ਹੋਰ ਵਜ਼ਨ ਮਿਲੇਗਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਦੋਂ ਜਾਂ ਕੀ ਪਾਕਿਸਤਾਨ ਆਪਣੇ ਵਿਨਾਸ਼ਕਾਰੀ ਤੌਰ-ਤਰੀਕਿਆਂ ਪਿਛਲੀਆਂ ਗ਼ਲਤੀਆਂ ’ਤੇ ਗ਼ੌਰ ਕਰੇਗਾ?

Advertisement

Advertisement