ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਦਾ ਸਥਾਪਨਾ ਦਿਵਸ ਮਨਾਇਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਅਕਾਲ ਤਖ਼ਤ ’ਚ ਸਮਾਗਮ ਹੋਇਆ। ਇਸ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਤਖ਼ਤ ਦੇ ਸਥਾਪਨਾ ਦਿਵਸ ਦੀ ਕੌਮ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਸਥਾਪਨਾ ਇਸ ਲਈ ਕੀਤੀ ਸੀ ਕਿ ਰਾਜਨੀਤੀ ਧਰਮ ਦੇ ਮੁਤਾਬਕ ਹੋਵੇ, ਜਿਸ ਨਾਲ ਅਕਾਲ ਪੁਰਖ ਦੇ ਨਿਆਂ ਵਾਲੇ ਸਮਾਜ ਦੀ ਸਿਰਜਣਾ ਹੋਵੇ। ਜਥੇਦਾਰ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਅਕਾਲ ਪੁਰਖ ਦਾ ਤਖ਼ਤ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪ ਸਿਰਜਿਆ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਅਕਾਲ ਤਖ਼ਤ ਨੂੰ ਸਮਰਪਿਤ ਰਿਹਾ ਹੈ ਅਤੇ ਸਦਾ ਸਮਰਪਿਤ ਰਹੇਗਾ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਸਿੱਖਾਂ ਨੂੰ ਗੁਰੂ ਤੇ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ, ਜਿਸ ਦਾ ਮੁਕਾਬਲਾ ਸੁਚੇਤ ਤੇ ਚੇਤੰਨ ਰੂਪ ’ਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਅਜਿਹੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਬੱਚਿਆਂ ਨੂੰ ਧਰਮ ਨਾਲ ਜੋੜੀਏ। ਉਨ੍ਹਾਂ ਸਮੁੱਚੀ ਕੌਮ ਨੂੰ ਖੁਆਰੀਆਂ ’ਚੋਂ ਨਿਕਲਣ ਲਈ ਗੁਰੂ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਇਕੱਤਰ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾ ਸਥਾਪਨਾ ਦਿਵਸ ਦੇ ਸਬੰਧ ’ਚ ਅਖੰਡ ਪਾਠ ਦੇ ਭੋਗ ਪਾਏ ਗਏ। ਮਗਰੋਂ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ। ਉਨ੍ਹਾਂ ਨੇ ਸੰਗਤਾਂ ਨੂੰ ਅੱਜ ਦੇ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਛੇਵੇਂ ਗੁਰੂ ਨੇ ਅਕਾਲ ਤਖ਼ਤ ਦੀ ਸਿਰਜਣਾ ਕਰ ਕੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ।
ਇਸ ਮੌਕੇ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਤੇ ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਮੌਜੂਦ ਸਨ।
ਉੱਤਰਾਖੰਡ ਸਰਕਾਰ ਗੁਰੂਘਰ ਬਣਾਉਣ ਦੀ ਪ੍ਰਵਾਨਗੀ ਦੇਵੇ: ਗੜਗੱਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉੱਤਰਾਖੰਡ ਸੂਬੇ ਦੇ ਹਰਿਦੁਆਰ ਵਿੱਚ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਸਬੰਧੀ ਸੂਬਾ ਸਰਕਾਰ ਨੂੰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹਰਿ ਕੀ ਪਉੜੀ ’ਤੇ ਗੁਰੂਘਰ ਬਣਾਉਣ ਦੇਣਾ ਚਾਹੀਦਾ ਹੈ। ਉਹ ਅੱਜ ਕੱਲ੍ਹ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਲਹਿਰ ਦੇ ਦੌਰੇ ’ਤੇ ਹਨ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਸ਼ੁਰੂ ਕੀਤੀ ਗਈ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਤਹਿਤ ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ। ਇਸ ਤਹਿਤ ਸ਼ਾਹਪੁਰ ਸ਼ੀਤਲਾ ਖੇੜਾ ਪਿੰਡ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵਣਜਾਰੇ ਸਿੱਖਾਂ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਸ੍ਰੀ ਗੜਗੱਜ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਪਿੰਡ ਵਾਸੀਆਂ ਵੱਲੋਂ ਇਲਾਕੇ ਵਿੱਚ ਸਿੱਖੀ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਦੀ ਲੋੜ ’ਤੇ ਜ਼ੋਰ ਦੇਣ ਲਈ ਆਖਿਆ ਗਿਆ। ਗਿਆਨੀ ਗੜਗੱਜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਮੇਂ-ਸਮੇਂ ਉਹ ਖੁਦ ਉਨ੍ਹਾਂ ਕੋਲ ਆਉਂਦੇ ਰਹਿਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਰਾਹੀਂ ਰਾਬਤਾ ਰੱਖ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਲਾਕੇ ਵਿੱਚੋਂ ਕੁਝ ਸਿੱਖ ਨੌਜਵਾਨ ਮੁਹੱਈਆ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਪੰਜਾਬ ਵਿੱਚ ਗੁਰਮਤਿ ਵਿਦਿਆਲਿਆਂ ਤੋਂ ਸਿਖਲਾਈ ਤਹਿਤ ਪ੍ਰਚਾਰਕ, ਰਾਗੀ, ਢਾਡੀ ਤੇ ਗ੍ਰੰਥੀ ਸਿੰਘਾਂ ਵਜੋਂ ਤਿਆਰ ਕੀਤਾ ਜਾ ਸਕੇ। ਇਨ੍ਹਾਂ ਨੂੰ ਪ੍ਰਚਾਰਕ ਵਜੋਂ ਤਿਆਰ ਕਰ ਕੇ ਇਸ ਇਲਾਕੇ ਵਿੱਚ ਪ੍ਰਚਾਰ ਲਈ ਭੇਜਿਆ ਜਾ ਸਕੇ।