ਸ਼੍ਰੋਮਣੀ ਕਮੇਟੀ ਦੀ ਜਾਇਦਾਦ ਸਬ-ਕਮੇਟੀ ਦੀ ਮੀਟਿੰਗ
ਪਟਿਆਲਾ, 18 ਮਈ
ਸ਼੍ਰੋਮਣੀ ਕਮੇਟੀ ਦੀ ਜਾਇਦਾਦ ਸਬ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਬੀਬੀ ਕੁਲਦੀਪ ਕੌਰ ਟੌਹੜਾ ਸਮੇਤ ਮੈਨੇਜਰ ਭਾਗ ਸਿੰਘ ਰਾਜਪੁਰਾ ਵੀ ਸ਼ਾਮਲ ਰਹੇ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਮੇਤ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ, ਗੁਰਦੁਆਰਾ ਖੇਲ ਸਾਹਿਬ, ਗੁਰਦੁਆਰਾ ਨਥਾਣਾ ਸਾਹਿਬ ਜੰਡ ਮੰਗੌਲੀ ਵਿੱਚ ਹੋਣ ਵਾਲੇ ਕਾਰਜਾਂ ਸਬੰਧੀ 22 ਮਤੇ ਲਿਆਂਦੇ ਗਏ। ਇਸ ਦੌਰਾਨ ਗੁਰਦੁਆਰਿਆਂ ਦੇ ਨਵੀਨੀਕਰਨ, ਸਰਾਵਾਂ ਅਤੇੇ ਲੰਗਰ ਆਦਿ ਦੀ ਇਮਾਰਤਸਾਜ਼ੀ ਦੇ ਕਾਰਜਾਂ ’ਤੇ ਮੋਹਰ ਲਗਾਈ ਗਈ।
ਮੈਨੇਜਰ ਭਾਗ ਸਿੰਘ ਚੌਹਾਨ ਨੇ ਦੱਸਿਆ ਕਿ ਪਾਸ ਕੀਤੇ ਗਏ ਮਤੇ ਅਗਲੇਰੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਕੋਲ ਭੇਜੇ ਜਾਣਗੇ। ਸੁਰਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਵੱਖ ਵੱਖ ਸਮਾਗਮਾਂ ਦੌਰਾਨ ਗੁਰਦਵਾਰਿਆਂ ਵਿਖੇ ਟਰੈਫਿਕ ਨੂੰ ਸੁਚਾਰੂ ਰੱਖਣ, ਲੰਗਰ ਹਾਲ ਦੀ ਕੀਤੀ ਜਾ ਰਹੀ ਇਮਾਰਤਸਾਜ਼ੀ ਸਮੇਤ ਸਰਾਵਾਂ ਦੀ ਵਿਵਸਥਾ ਨੂੰ ਲੈ ਕੇ ਫੈਸਲੇ ਕੀਤੇ ਗਏ ਹਨ। ਇਸ ਮੌਕੇ ਹੈੱਡ ਗ੍ਰੰਥੀ ਪ੍ਰਨਾਮ ਸਿੰਘ, ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ ਰਿਕਾਰਡ ਕੀਪਰ ਸਰਬਜੀਤ ਸਿੰਘ, ਸਹਾਇਕ ਰਿਕਾਰਡ ਕੀਪਰ ਹਜੂਰ ਸਿੰਘ ਸਮਾਣਾ ਤੇ ਮਨਜੀਤ ਸਿੰਘ ਪਵਾਰ ਹਾਜ਼ਰ ਸਨ।