ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਵਾਰਡਾਂ ’ਤੇ ਉਮੀਦਵਾਰ ਐਲਾਨੇ
ਲੁਧਿਆਣਾ, 12 ਦਸੰਬਰ
ਅਕਾਲੀ ਜਥਾ ਲੁਧਿਆਣਾ ਸ਼ਹਿਰੀ ਵੱਲੋਂ ਜਾਰੀ ਕੀਤੀ ਗਈ 95 ਉਮੀਦਵਾਰਾਂ ਦੀ ਸੂਚੀ ਅਨੁਸਾਰ ਸਾਰੇ ਹੀ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਹਨ।
ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਅੱਜ ਇੱਥੇ ਦੱਸਿਆ ਕਿ 95 ਵਾਰਡਾਂ ਤੋਂ ਚੋਣ ਲੜਣ ਲਈ ਪਾਰਟੀ ਕੋਲ ਸਾਰੇ ਹੀ ਵਾਰਡਾਂ ਵਿੱਚ ਕਈ ਕਈ ਉਮੀਦਵਾਰ ਪਹੁੰਚੇ ਸਨ। ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਨੇ ਸਲਾਹ ਮਸ਼ਵਰਾ ਕਰਕੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਗਏ ਵਿਕਾਸ ਕਾਰਜ ਅੱਜ ਵੀ ਹਾਮੀ ਭਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਲੋਕ ਅਕਾਲੀ ਦਲ ਨਾਲ ਲਗਾਤਾਰ ਜੁੜ ਰਹੇ ਹਨ ਇਸੇ ਤਹਿਤ ਹੀ ਸੀਨੀਅਰ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਵਾਰਡ ਨੰਬਰ 24 ਤੋਂ ਅਰਵਿੰਦਰ ਜੋਲੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ, ਜਿਨ੍ਹਾਂ ਨੂੰ ਵਾਰਡ ਨੰਬਰ 24 ਤੋਂ ਹੀ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਹੈ।