ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ: ਢੀਂਡਸਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਮਈ
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸਬੰਧੀ ਜਿੱਥੇ ਸਮੁੱਚੇ ਪੰਜਾਬ ਅੰਦਰ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉਲਟ ਇੱਕ ਧੜੇ ਵੱਲੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਦਾ ਮਾਮਲਾ ਸਿੱਖ ਪੰਥ ਤੇ ਪੰਜਾਬੀਆਂ ਨੇ ਨਕਾਰ ਦਿੱਤਾ ਹੈ। ਪਰਮਿੰਦਰ ਸਿੰਘ ਢੀਡਸਾ ਅੱਜ ਲਹਿਰਾਗਾਗਾ ਦੇ ਗੁਰਦੁਆਰਾ ਸਾਹਿਬ ਵਿੱਚ ਅਕਾਲੀ ਦਲ ਦੀ ਭਰਤੀ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਾਪੀਆਂ ਵੰਡਣ ਉਪਰੰਤ ਗੱਲਬਾਤ ਕਰ ਰਹੇ ਸਨ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਇਸ ਖੇਤਰੀ ਪਾਰਟੀ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ, ਜੇਕਰ ਖੇਤਰੀ ਪਾਰਟੀ ਮਜ਼ਬੂਤ ਹੋਵੇਗੀ ਤਾਂ ਹੀ ਮਸਲੇ ਹੱਲ ਹੋਣਗੇ। ਉਨ੍ਹਾਂ ਪੰਜਾਬ ਦੇ ਪਾਣੀਆਂ ਦੇ ਮਾਮਲੇ ’ਤੇ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਆਗੂਆਂ ਦੀ ਕਠਪੁਤਲੀ ਬਣ ਗਏ ਹਨ। ਜ ਇਸ ਮੌਕੇ ਵਰਿੰਦਰਪਾਲ ਸਿੰਘ ਟੀਟੂ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਸਿੰਗਲਾ, ਨਗਰ ਕੌਂਸਲ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੌਰ ਤੇ ਆਸ਼ੂ ਜਿੰਦਲ ਡੇਅਰੀ ਵਾਲੇ ਆਦਿ ਮੌਜੂਦ ਸਨ।