ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਵਧਣ ਦੇ ਆਸਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਤੋਂ ਪਾਰਟੀ ’ਚ ਛਿੜੀ ਅੰਦਰੂਨੀ ਜੰਗ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧਣ ਦੇ ਆਸਾਰ ਹਨ, ਜਿਸ ਤੋਂ ਟਕਸਾਲੀ ਅਕਾਲੀ ਚਿੰਤਤ ਹਨ। ਦਮਦਮੀ ਟਕਸਾਲ ਦੇ ਪ੍ਰਮੁੱਖ ਟਕਸਾਲੀ ਪਰਿਵਾਰ ਤੇ ਮਹਾਨ ਸੁਤੰਤਰਤਾ ਸੰਗਰਾਮੀ ਪਰਿਵਾਰ ਬਾਬਾ ਕਿਰਪਾਲ ਸਿੰਘ ਰੋਡੇ ਦੇ ਪਰਿਵਾਰਾਂ ਤੇ ਹੋਰਨਾਂ ਵੱਲੋਂ ਅਕਾਲੀ ਦਲ ’ਚ ਚੱਲ ਰਹੇ ਮਹਾਂ ਸੰਕਟ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਟਕਸਾਲੀ ਅਕਾਲੀ ਆਗੂ ਮਾਸਟਰ ਗੁਰਚਰਨ ਸਿੰਘ ਬਰਾੜ (90) ਤੇ ਸ਼੍ਰੋਮਣੀ ਕਵੀਸ਼ਰ ਸੋਮ ਨਾਥ (70) ਨੇ ਆਖਿਆ ਕਿ ਸਿੱਖ ਜਗਤ ਲਈ ਸ੍ਰੀ ਅਕਾਲ ਤਖ਼ਤ ਸਭ ਤੋਂ ਸੁਪਰੀਮ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਉੱਤੇ ਹੋਏ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਫ਼ਰਜ਼ ਹੈ ਅਤੇ ਇਸ ’ਤੇ ਪਹਿਰਾ ਦੇਣਾ ਵੀ ਨੈਤਿਕ ਜ਼ਿੰਮੇਵਾਰੀ ਵੀ ਹੈ। ਸਿੱਖ ਮਸਲਿਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ “ਅਕਾਲੀ ਦਲ ਉਦੋਂ ਹੋਂਦ ਵਿੱਚ ਆਇਆ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਅਤੇ ਰਾਜੇ-ਰਜਵਾੜੇ ਅੰਗਰੇਜ਼-ਪੱਖੀ ਸਨ। ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰੀ ’ਤੇ ਖੜ੍ਹੇ ਹਨ। ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ।
ਇਸ ਮੌਕੇ ਸਵਰਨ ਸਿੰਘ ਬਰਾੜ, ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ, ਮਨੋਹਰ ਸਿੰਘ ਬਰਾੜ ਤੇ ਫੈਡਰੇਸ਼ਨ ਆਗੂ ਬਲਵਿੰਦਰ ਸਿੰਘ ਬਾਵਾ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ 1967 ਵਿੱਚ ਅਕਾਲੀ ਦਲ ਨੂੰ ਸਾਂਝੇ ਮੋਰਚੇ ਦੇ ਆਗੂ ਵਜੋਂ ਪਹਿਲੀ ਵਾਰ ਸੱਤਾ ਮਿਲੀ ਜਿਸ ਵਿੱਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਗੁਰੂਆਂ ਨੇ ਧਾਰਮਿਕ, ਸਮਾਜਿਕ ਅਤੇ ਆਧਿਆਤਮਿਕ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸਿੱਖਾਂ ਨੂੰ ਗੁਰਮਤਿ ਦੇ ਅਨੁਸਾਰ ਸਬਰ , ਸੰਤੋਖ ਤੇ ਤਿਆਗ ਦੇ ਰਸਤੇ ’ਤੇ ਚਲਣ ਦੀ ਪ੍ਰੇਰਣਾ ਦਿੱਤੀ। ਸਿੱਖ ਕੌਮ ਵਿੱਚ ਦੁਵਿਧਾ ਅਤੇ ਅਸਾਂਤੀ ਦਾ ਸੰਕਟ ਉਤਪੰਨ ਹੋ ਗਿਆ ਹੈ, ਸਿੱਖ ਭਾਈਚਾਰੇ ਵਿੱਚ ਵੱਡਾ ਗੁੱਸਾ ਅਤੇ ਨਿਰਾਸ਼ਾਜਨਕ ਮਾਹੌਲ ਬਣਿਆ ਹੋਇਆ ਹੈ। ਆਪਣੇ ਸਵਾਰਥਾਂ ਦੀ ਖਾਤਰ ਸਿੱਖਾਂ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ, ਸਰਵਉੱਚ ਪੰਥਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ, ਜਿਸ ਨਾਲ ਸਿੱਖ ਕੌਮ ਦੇ ਗੌਰਵ ਨੂੰ ਵੱਡਾ ਘਾਟਾ ਪਿਆ। ਪੰਥ ਤੇ ਕੌਮ ਵਿੱਚ ਨਿਰਾਸਾ ਤੇ ਚਿੰਤਾਜਨਕ ਸਥਿਤੀ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਪਿੰਡ ਰੋਡੇ ਦੇ ਜੰਮਪਲ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਬਚਪਨ ਤੋਂ ਹੀ ਸੰਤ ਬਾਬਾ ਕਿਰਪਾਲ ਸਿੰਘ ਦੀ ਸੰਗਤ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਰਾਖੀ ਕਰਦਿਆਂ ਜੂਨ 1984 ਦੇ ਘੱਲੂਘਾਰੇ ਦੌਰਾਨ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਜਥੇਦਾਰ ਤੋਤਾ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਹਮੇਸ਼ਾ ਸਿੱਖ ਕੌਮ ਤੇ ਪੰਥ ਦੀ ਚੜ੍ਹਦੀਕਲਾਂ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਹਮੇਸ਼ਾ ਕੁਰਬਾਨੀ ਤੇ ਟਕਸਾਲੀ ਅਕਾਲੀ ਪਰਿਵਾਰਾਂ ਦੀ ਮਦਦ ਕੀਤੀ।