ਸ਼ੇਰਪੁਰ ਪੁਲ ਤੋਂ ਹੇਠਾਂ ਡਿੱਗ ਕੇ ਲੜਕੀ ਜ਼ਖ਼ਮੀ
ਇਥੇ ਮੌਜੂਦ ਸ਼ੇਰਪੁਰ ਪੁਲ ਤੋਂ ਬੀਤੀ ਰਾਤ ਇੱਕ ਲੜਕੀ ਹੇਠਾਂ ਡਿੱਗ ਪਈ, ਜਿਸ ਕਾਰਨ ਉਸ ਨੂੰ ਕਾਫ਼ੀ ਸੱਂਟਾਂ ਆਈਆਂ ਹਨ। ਜ਼ਖ਼ਮੀ ਲੜਕੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪ੍ਰਾਈਵੇਟ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਲੜਕੀ ਦੀ ਪਛਾਣ ਅੰਸ਼ੂ ਵਜੋਂ ਹੋਈ ਹੈ, ਜਿਸ ਦੇ ਮਾਤਾ-ਪਿਤਾ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਸ਼ੂ ਦਾ ਜਬਾੜਾ ਟੁੱਟ ਗਿਆ ਹੈ ਤੇ ਉਸ ਦੀਆਂ ਲੱਤਾਂ ਦੀਆਂ ਹੱਡੀਆਂ ਵੀ ਕਈ ਥਾਵਾਂ ਤੋਂ ਟੁੱਟੀਆਂ ਹਨ। ਇਸ ਤੋਂ ਬਿਨਾਂ ਉਸ ਨੂੰ ਕਈ ਥਾਈਂ ਸੱਟਾਂ ਲੱਗੀਆਂ ਹਨ। ਪਰਿਵਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਸ਼ੂ ਦੀ ਉਮਰ 18 ਸਾਲ ਹੈ ਤੇ ਉਹ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਅੰਸ਼ੂ ਇਸ ਵੇਲੇ ਆਰਤੀ ਚੌਕ ਨੇੜੇ ਕੋਚਿੰਗ ਸੈਂਟਰ ’ਤੇ ਨੀਟ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਾਂਗ ਅੰਸ਼ੂ ਕੱਲ੍ਹ ਕੋਚਿੰਗ ਲਈ ਘਰੋਂ ਨਿਕਲੀ ਸੀ ਪਰ ਰਾਤ ਅੱਠ ਵਜੇ ਉਹ ਵਾਪਸ ਨਾ ਆਈ ਤੇ ਥੋੜੀ ਦੇਰ ਬਾਅਦ ਸਿਵਲ ਹਸਪਤਾਲ ਤੋਂ ਘਰੇ ਫੋਨ ਆਇਆ ਕਿ ਅੰਸ਼ੂ ਪੁਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਈ ਹੈ। ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਡਾਕਟਰਾਂ ਦੇ ਕਹਿਣ ਮਗਰੋਂ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿਥੇ ਇਸ ਵੇਲੇ ਉਹ ਜ਼ੇਰੇ ਇਲਾਜ ਹੈ।