ਸ਼ੇਰਪੁਰ-ਧੂਰੀ ਸੜਕ ’ਤੇ ਲੁੱਟ-ਖੋਹ
ਸ਼ੇਰਪੁਰ, 2 ਜਨਵਰੀ
ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਪਿੰਡ ਘਨੌਰ ਖੁਰਦ ਤੇ ਘਨੌਰੀ ਕਲਾਂ ਦੇ ਗੇਟ ਨੇੜੇ ਤਿੰਨ ਲੁਟੇਰੇ ਮੋਟਰਸਾਈਕਲ ਸਵਾਰ ਤੋਂ ਨਕਦੀ, ਮੋਬਾਈਲ ਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ। ਇਸ ਸੜਕ ’ਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਲੁੱਟ ਦਾ ਸ਼ਿਕਾਰ ਹੋਏ ਵਰਖਾ ਰਾਮ ਉਰਫ ਬਿੱਟੂ ਵਾਸੀ ਘਨੌਰੀ ਕਲਾਂ ਅਨੁਸਾਰ ਬੀਤੀ ਰਾਤ ਤਕਰੀਬਨ 8 ਵਜੇ ਆਪਣੇ ਕੰਮ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਘਨੌਰੀ ਕਲਾਂ ਨੂੰ ਵਾਪਸ ਆ ਰਿਹਾ ਸੀ ਤਾਂ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਹਨੇਰੇ ਦਾ ਫਾਇਦਾ ਚੁੱਕ ਕੇ ਉਸ ਦੇ ਅੱਗੇ ਲਿਆ ਕੇ ਮੋਟਰਸਾਈਕਲ ਰੋਕ ਲਿਆ। ਉਨ੍ਹਾਂ ਵਿੱਚੋਂ ਇੱਕ ਕੋਲ ਕਿਰਪਾਨ, ਇੱਕ ਕੋਲ ਬੇਸਬੈਟ ਤੇ ਤੀਜੇ ਕੋਲ ਵੀ ਕੋਈ ਹਥਿਆਰ ਸੀ ਜਿਨ੍ਹਾਂ ਨੇ ਬੇਸਬੈਟ ਮਾਰ ਕੇ ਉਸ ਦਾ ਮੋਬਾਈਲ ਖੋਹ ਲਿਆ। ਤਕਰੀਬਨ ਦੋ ਹਜ਼ਾਰ ਨਕਦੀ ਖੋਹ ਲਈ ਅਤੇ ਉਸ ਦੀ ਜੈਕੇਟ, ਦਸਤਾਨੇ, ਦੁਕਾਨ ਤੇ ਮੋਟਰਸਾਈਕਲ ਦੀਆਂ ਚਾਬੀਆਂ ਆਦਿ ਸਾਮਾਨ ਖੋਹ ਲਿਆ। ਪੀੜਤ ਅਨੁਸਾਰ ਉਹ ਰਾਤ ਸਮੇਂ ਥਾਣੇ ਵੀ ਗਏ ਅਤੇ ਹੈਲਪਲਾਈਨ ਨੰਬਰ ’ਤੇ ਫੋਨ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅੱਜ ਸਵੇਰੇ ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਆਪਣੀ ਟੀਮ ਸਮੇਤ ਘਨੌਰੀ ਕਲਾਂ ਪੁੱਜੇ ਅਤੇ ਸਾਰੇ ਘਟਨਾਕ੍ਰਮ ਸਬੰਧੀ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਇਸ ਮਾਮਲੇ ਨੂੰ ਪੁਲੀਸ ਨੇ ਬਹੁਤ ਗੰਭੀਰਤਾ ਨਾਲ ਲੈਂਦਿਆਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਦੋਂ ਕਿ ਉਸ ਦੇ ਦੋ ਸਾਥੀ ਹਾਲੇ ਗ੍ਰਿਫ਼ਤ ’ਚੋਂ ਬਾਹਰ ਹਨ। ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਛੇਤੀ ਹੀ ਪੁਲੀਸ ਗ੍ਰਿਫ਼ਤ ਵਿੱਚ ਹੋਣਗੇ।