ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਡਿੱਗੇ ਦਰੱਖ਼ਤ ਬਣੇ ਜਾਨ ਦਾ ਖੌਅ
ਬੀਰਬਲ ਰਿਸ਼ੀ
ਸ਼ੇਰਪੁਰ, 16 ਮਈ
ਸ਼ੇਰਪੁਰ-ਧੂਰੀ ਮੁੱਖ ਸੜਕ ਨੇੜੇ ਜਹਾਂਗੀਰ ਸਣੇ ਕਈ ਥਾਈਂ ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਡਿੱਗੇ ਦਰੱਖ਼ਤ ਨਹੀਂ ਚੁੱਕੇ ਗਏ। ਸੜਕ ’ਤੇ ਪਏ ਇਹ ਦਰਖੱਤ ਕਿਸੇ ਵੱਡੇ ਸੜਕ ਹਾਦਸੇ ਨੂੰ ਸੱਦਾ ਦੇ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਆਏ ਝੱਖੜ ਕਾਰਨ ਵੱਡੀ ਗਿਣਤੀ ਦਰੱਖ਼ਤ ਡਿੱਗੇ ਸਨ ਪਰ ਇਨ੍ਹਾਂ ਦਰਖ਼ਤਾਂ ਨੂੰ ਹਟਾਉਣ ਲਈ ਜੰਗਲਾਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਮਹਿੰਦਰ ਸਿੰਘ ਘਨੌਰੀ ਨੇ ਕਿਹਾ ਕਿ ਜਹਾਂਗੀਰ ਨੇੜੇ ਬਹੁਤੇ ਦਰੱਖ਼ਤ ਪਏ ਹਨ ਜਦੋਂ ਕਿ ਉਕਤ ਮੁੱਖ ਸੜਕ ’ਤੇ ਚਾਂਗਲੀ ਮੋੜ ਸਣੇ ਕਈ ਹੋਰ ਥਾਵਾਂ ’ਤੇ ਦਰੱਖ਼ਤਾਂ ਨੂੰ ਕਈ ਦਿਨ ਬੀਤ ਜਾਣ ’ਤੇ ਚੁੱਕਿਆ ਜਾ ਰਿਹਾ। ਇਸੇ ਦੌਰਾਨ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਸ਼ੇਰਪੁਰ-ਧੂਰੀ ਸੜਕ ’ਤੇ ਹੀ ਜਹਾਂਗੀਰ ਤੋਂ ਘਨੌਰ ਖੁਰਦ ਦੇ ਅੱਡੇ ਦਰਮਿਆਨ ਡਿੱਗੇ ਦਰੱਖ਼ਤਾਂ ਨੂੰ ਟਰਾਲੀ ਵਿੱਚ ਲਿਆਉਣ ਦੀ ਥਾਂ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਲਿਜਾਇਆ ਜਾਂਦਾ ਹੈ ਜਿਸ ਨਾਲ ਦਰਖ਼ਤਾਂ ਦੇ ਮੁੱਢਾਂ ਕਾਰਨ ਨਵੀਂ ਬਣੀ ਸੜਕ ਟੁੱਟਣ ਦਾ ਖਦਸ਼ਾ ਹੈ।
ਸੜਕ ਨੇੜਿਉਂ ਦਰੱਖ਼ਤ ਹਟਾਏ ਜਾਣਗੇ: ਰੇਂਜ ਅਫ਼ਸਰ
ਰੇਂਜ ਅਫ਼ਸਰ ਅਜੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਅਮਲੇ ਨੂੰ ਹੁਣੇ ਹੀ ਸੜਕ ਨੇੜਿਉਂ ਦਰੱਖ਼ਤ ਛੇਤੀ ਹਟਾਏ ਜਾਣ ਸਬੰਧੀ ਕਹਿ ਰਹੇ ਹਨ ਅਤੇ ਸੜਕ ’ਤੇ ਦਰੱਖ਼ਤ ਖਿੱਚ ਕੇ ਲਿਆਉਣ ਤੋਂ ਵੀ ਵਰਜਣਗੇ।
Advertisementਸੜਕ ਨੂੰ ਨੁਕਸਾਨ ਪਹੁੰਚਿਆ ਤਾਂ ਨੋਟਿਸ ਜਾਰੀ ਕਰਾਂਗੇ: ਐੱਸਡੀਓ
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਬਲਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜ਼ੁਬਾਨੀ ਸ਼ਿਕਾਇਤ ਮਿਲੀ ਹੈ ਅਤੇ ਉਹ ਪੜਤਾਲ ਕਰਨਗੇ ਅਤੇ ਜੇ ਸੜਕ ਨੂੰ ਨੁਕਸਾਨ ਪਹੁੰਚਿਆ ਹੋਇਆ ਤਾਂ ਇਸ ਸਬੰਧੀ ਨੋਟਿਸ ਜਾਰੀ ਕਰਨਗੇ।