ਸ਼ੇਰਪੁਰ ਦੀਆਂ ਖਸਤਾ ਹਾਲ ਸੜਕਾਂ ਕਾਰਨ ਲੋਕ ਪ੍ਰੇਸ਼ਾਨ
ਬੀਰਬਲ ਰਿਸ਼ੀ
ਸ਼ੇਰਪੁਰ, 22 ਦਸੰਬਰ
ਖੇਤਰ ਦੇ ਕਈ ਪਿੰਡਾਂ ਦੀਆਂ ਖਸਤਾ ਹਾਲ ਸੜਕਾਂ ਜਿੱਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ, ਉਥੇ ਹੀ ਕਈ ਵਿਆਕਤੀ ਇਨ੍ਹਾਂ ਸੜਕਾਂ ’ਤੇ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ।
ਜਾਣਕਾਰੀ ਅਨੁਸਾਰ ਘਨੌਰੀ ਕਲਾਂ ਤੋਂ ਘਨੌਰੀ ਖੁਰਦ ਹੋ ਕੇ ਸਲੇਮਪੁਰ ਜਾਂਦੀ ਸੰਪਰਕ ਸੜਕ ਦਾ ਬਹੁਤ ਬੁਰਾ ਹਾਲ ਹੈ ਕਈ ਥਾਈਂ ਡੂੰਘੇ ਟੋਏ ਪਏ ਹੋਏ ਹਨ, ਸੜਕ ਦੇ ਨੇੜੇ ਪੱਕੇ ਹੋ ਰਜਬਾਹੇ ’ਤੇ ਟਿੱਪਰਾਂ ਦੀ ਆਮਦ ਕਾਰਨ ਕੁਝ ਥਾਵਾਂ ’ਤੇ ਇਹ ਸੜਕ ਕੱਚੇ ਪਹੇ ਦਾ ਭੁਲੇਖਾ ਪਾਉਂਦੀ ਹੈ। ਇਨ੍ਹਾਂ ਦੋਵੇਂ ਪਿੰਡਾਂ ਦੇ ਦਰਮਿਆਨ ਦੋਪੁਲੇ ਕੋਲ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ। ਇਸੇ ਤਰ੍ਹਾਂ ਪਿੰਡ ਅਲਾਲ ਤੋਂ ਧੰਦੀਵਾਲ ਤੱਕ ਲਿੰਕ ਸੜਕ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਜਿੱਥੇ ਸੜਕ ਥਾਂ-ਥਾਂ ਤੋਂ ਖਸਤਾ ਹਾਲਤ ਹੋ ਗਈ ਹੈ, ਉੱਥੇ ਹੀ ਕਿਨਾਰੇ ਬੁਰੀ ਤਰ੍ਹਾਂ ਟੁੱਟਣ ਕਾਰਨ ਇਹ ਸੜਕ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। ਇਸ ਸੜਕ ’ਤੇ ਆਲੇ ਦੁਆਲੇ ਪਿੰਡਾਂ ਦੇ ਵਿਦਿਆਰਥੀ ਮੂਲੋਵਾਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕਰਨ ਆਉਂਦੇ ਹਨ। ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਪਿੰਡ ਅਲਾਲ ਤੋਂ ਕਿਲਾ ਹਕੀਮਾਂ, ਅਲਾਲ ਦੇ ਫਾਟਕਾਂ ਤੋਂ ਅਲਾਲ ਪਿੰਡ ਤੱਕ, ਅਲਾਲ ਦੇ ਸਟੇਸਨ ਤੋਂ ਹੇੜੀਕੇ ਤੱਕ ਸੜਕਾਂ ਦੀ ਹਾਲਤ ਮਾੜੀ ਹੈ ਜਦੋਂ ਕਿ ਅਲਾਲ ਤੋਂ ਸੁਲਤਾਨਪੁਰ ਤੱਕ ਸੜਕ ’ਤੇ ਕੰਮ ਚਲਾਉਣ ਲਈ ਉਨ੍ਹਾਂ ਕੁੱਝ ਥਾਵਾਂ ’ਤੇ ਇੱਟਾਂ ਪਾ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਲਿੰਕ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਇਨ੍ਹਾਂ ਸੜਕਾਂ ਨੂੰ ਹੋਰ ਚੌੜਾ ਕੀਤਾ ਜਾਵੇ।