ਸ਼ੂਟਿੰਗ ਦੌਰਾਨ ਇਰਫ਼ਾਨ ਨੂੰ ਯਾਦ ਕਰਦਿਆਂ ਰੋ ਪਈ ਕੋਂਕਣਾ ਸੇਨ
ਮੁੰਬਈ: ਬੌਲੀਵੁੱਡ ਦੇ ਨਿਰਦੇਸ਼ਕ ਅਨੁਰਾਗ ਬਾਸੂ ਨੇ ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੀ ਫਿਲਮ ‘ਮੈਟਰੋ ਇਨ ਦਿਨੋ’ ਵਿਚ ਘਾਟ ਮਹਿਸੂਸ ਕਰਦਿਆਂ ਦੱਸਿਆ ਕਿ ਕਿਵੇਂ ਅਦਾਕਾਰਾ ਕੋਂਕਣਾ ਸੇਨ ਸ਼ਰਮਾ ‘ਮੈਟਰੋ...ਇਨ ਦਿਨੋ’ ਦੀ ਸ਼ੂਟਿੰਗ ਦੌਰਾਨ ਆਪਣੇ ਸਹਿ ਅਦਾਕਾਰ ਤੇ ਦੋਸਤ ਇਰਫ਼ਾਨ ਨੂੰ ਯਾਦ ਕਰਦਿਆਂ ਰੋਈ ਸੀ। ਇਰਫ਼ਾਨ ਦਾ ਸਾਲ 2020 ਵਿੱਚ ਦੇਹਾਂਤ ਹੋ ਗਿਆ ਸੀ। ਫਿਲਮ ‘ਲਾਈਫ ਇਨ ਏ ਮੈਟਰੋ’ ਦਾ ਅਗਲਾ ਹਿੱਸਾ ‘ਮੈਟਰੋ..ਇਨ ਦਿਨੋ’ ਬਣਾਇਆ ਜਾ ਰਿਹਾ ਹੈ ਤੇ ਇਸ ਫਿਲਮ ਦੇ ‘ਜ਼ਮਾਨਾ ਲਗੇ’ ਗੀਤ ਦੇ ਲਾਂਚ ਈਵੈਂਟ ਵਿੱਚ ਅਨੁਰਾਗ ਬਾਸੂ ਸ਼ਾਮਲ ਹੋਏ। ਫਿਲਮ ‘ਲਾਈਫ ਇਨ ਏ ਮੈਟਰੋ’ ਵਿਚ ਇਰਫ਼ਾਨ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਦੇ ਪਹਿਲੇ ਭਾਗ ਵਿਚ ਕੋਂਕਣਾ ਸੇਨ ਤੇ ਇਰਫ਼ਾਨ ਦੀ ਜੋੜੀ ਬਣਾਈ ਗਈ ਸੀ। ਮੂਲ ਕਲਾਕਾਰਾਂ ਵਿੱਚੋਂ ਕੋਂਕਣਾ ਇਕਲੌਤੀ ਅਦਾਕਾਰਾ ਹੈ ਜੋ ਇਸ ਦੇ ਅਗਲੇ ਭਾਗ ਵਿੱਚ ਵੀ ਕੰਮ ਕਰ ਰਹੀ ਹੈ। ਉਸ ਦੇ ਪਿਆਰੇ ਦੋਸਤ ਅਤੇ ਸਹਿ-ਅਦਾਕਾਰ ਇਰਫ਼ਾਨ ਦੇ ਦੇਹਾਂਤ ਤੋਂ ਬਾਅਦ ਅਦਾਕਾਰਾ ਲਈ ਫਿਲਮ ਵਿੱਚ ਮੁੜ ਕੰਮ ਕਰਨਾ ਮੁਸ਼ਕਲ ਸੀ। ਇਰਫ਼ਾਨ ਨੂੰ ਯਾਦ ਕਰਦਿਆਂ ਅਨੁਰਾਗ ਬਾਸੂ ਨੇ ਕਿਹਾ ਕਿ ਕੋਂਕਣਾ ਫਿਲਮ ‘ਮੈਟਰੋ...ਇਨ ਦਿਨੋ’ ਦੇ ਸੀਨ ਦੀ ਸ਼ੂਟਿੰਗ ਦੌਰਾਨ ਰੋਣ ਲੱਗ ਪਈ ਸੀ ਕਿਉਂਕਿ ਇਸ ਦਾ ਇਕ ਦ੍ਰਿਸ਼ ਪਹਿਲੀ ਕਿਸ਼ਤ ਦੇ ਦ੍ਰਿਸ਼ ਨਾਲ ਮਿਲਦਾ-ਜੁਲਦਾ ਸੀ। ਉਨ੍ਹਾਂ ਇਸ ਸਮਾਗਮ ਦੌਰਾਨ ਗਾਇਕ ਕੇਕੇ ਨੂੰ ਵੀ ਯਾਦ ਕੀਤਾ, ਜਦੋਂ ਗਾਇਕ ਨੇ ਐਲਬਮ ਦੇ ਦੋ ਸਭ ਤੋਂ ਵਧੀਆ ਟਰੈਕ: ‘ਅਲਵਿਦਾ’ ਅਤੇ ‘ਓ ਮੇਰੀ ਜਾਨ’ ਗਾਏ ਸਨ। -ਏਐੱਨਆਈ