ਸ਼ੁਭਾਂਸ਼ੂ ਸ਼ੁਕਲਾ ਦਾ ਐੱਕਸੀਓਮ-4 ਮਿਸ਼ਨ ਹੁਣ 22 ਤੱਕ ਮੁਲਤਵੀ
ਨਵੀਂ ਦਿੱਲੀ, 18 ਜੂਨ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦਾ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਐੱਕਸੀਓਮ-4 ਮਿਸ਼ਨ ਹੁਣ 22 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਐੱਕਸੀਓਮ ਸਪੇਸ ਨੇ ਅੱਜ ਐਲਾਨ ਕੀਤਾ ਕਿ ਮਿਸ਼ਨ ਅੱਗੇ ਪਾਉਣ ਨਾਲ ਨਾਸਾ ਨੂੰ ਰੂਸੀ ਸੈਕਸ਼ਨ ਵਿਚ ਕੀਤੀ ਹਾਲੀਆ ਮੁਰੰਮਤ ਮਗਰੋਂ ਔਰਬਿਟਲ ਲੈਬ ਦੇ ਕਾਰਜਾਂ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ। ਇਹ ਮਿਸ਼ਨ ਹੁਣ ਤੱਕ ਪੰਜ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ।
ਐੱਕਸੀਓਮ-4 ਮਿਸ਼ਨ, ਜਿਸ ਨਾਲ ਭਾਰਤ, ਹੰਗਰੀ ਅਤੇ ਪੋਲੈਂਡ ਪੁਲਾੜ ਵਿੱਚ ਜਾ ਰਹੇ ਹਨ, ਨੇ ਪਹਿਲਾਂ 19 ਜੂਨ ਨੂੰ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐੱਕਸ ਦੇ ਫਾਲਕਨ 9 ਰਾਕੇਟ ਰਾਹੀਂ ਉਡਾਣ ਭਰਨੀ ਸੀ। ਐੱਕਸੀਓਮ ਸਪੇਸ ਨੇ ਬਿਆਨ ਵਿਚ ਕਿਹਾ, ‘‘ਨਾਸਾ, ਐੱਕਸੀਓਮ ਸਪੇਸ ਅਤੇ ਸਪੇਸਐੱਕਸ ਹੁਣ ਐਤਵਾਰ 22 ਜੂਨ ਨੂੰ ਐੱਕਸੀਓਮ ਮਿਸ਼ਨ 4 ਤਹਿਤ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਉਡਾਣ ਭਰਨ ਦੀ ਤਿਆਰੀ ਕਰ ਰਹੇ ਹਨ।’’ ਐੱਕਸੀਓਮ-4 ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਿਸ ਵਿੱਚ ਸ਼ੁਕਲਾ ਮਿਸ਼ਨ ਪਾਇਲਟ ਵਜੋਂ ਅਤੇ ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਾਪੂ ਅਤੇ ਪੋਲੈਂਡ ਦੇ ਸਲਾਵੋਸਜ਼ ਯੂਜ਼ਾਨਸਕੀ ਵਿਸੇਨੀਵਸਕੀ ਮਿਸ਼ਨ ਮਾਹਿਰ ਹਨ। ਇਸ ਮਿਸ਼ਨ ਦੀ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਉਡਾਰੀ ਲਈ ਸਭ ਤੋਂ ਪਹਿਲਾਂ 29 ਮਈ ਤਰੀਕ ਤੈਅ ਕੀਤੀ ਗਈ ਸੀ ਪਰ ਇੰਜਨੀਅਰਾਂ ਨੂੰ ਫਾਲਕਨ-9 ਰਾਕੇਟ ਦੇ ਬੂਸਟਰਾਂ ਵਿੱਚ ਤਰਲ ਆਕਸੀਜਨ ਲੀਕ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿੱਚ ਲੀਕੇਜ ਦਾ ਪਤਾ ਲੱਗਣ ’ਤੇ ਇਸ ਨੂੰ 8 ਜੂਨ, 10 ਜੂਨ ਅਤੇ 11 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਐੱਕਸੀਓਮ ਸਪੇਸ ਨੇ ਐੱਕਸ ’ਤੇ ਪੋਸਟ ਵਿਚ ਕਿਹਾ, ‘‘ਚਾਲਕ ਦਲ ਸਾਰੇ ਡਾਕਟਰੀ ਅਤੇ ਸੁਰੱਖਿਆ ਪ੍ਰੋਟੋਕੋਲ ਕਾਰਨ ਫਲੋਰੀਡਾ ਵਿੱਚ ਇਕਾਂਤਵਾਸ ਵਿਚ ਹੈ। ਚਾਲਕ ਦਲ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਵਿੱਚ ਹੈ।’’ -ਪੀਟੀਆਈ