‘ਸ਼ੁਕਰ ਹੈ ਮੇਰਾ ਹਾਲ ਰਾਜਾ ਰਘੂਵੰਸ਼ੀ ਵਰਗਾ ਨਹੀਂ ਹੋਇਆ’
ਬਦਾਯੂੰ (ਉੱਤਰ ਪ੍ਰਦੇਸ਼), 17 ਜੂਨ
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਲੜਕੀ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਆਪਣੇ ਪ੍ਰੇਮੀ ਨਾਲ ਭੱਜ ਗਈ। ਇਸ ਘਟਨਾ ਤੋਂ ਬਾਅਦ ਉਸ ਦੇ ਪਤੀ ਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ ਕਿ ਸ਼ੁਕਰ ਹੈ ਕਿ ਉਸ ਦਾ ਰਾਜਾ ਰਘੂਵੰਸ਼ੀ ਵਰਗਾ ਹਾਲ ਨਹੀਂ ਹੋਇਆ। 20 ਸਾਲਾ ਲੜਕੀ ਦਾ ਵਿਆਹ 17 ਮਈ ਨੂੰ ਬਿਸੌਲੀ ਥਾਣੇ ਅਧੀਨ ਪੈਂਦੇ ਪਿੰਡ ਮੌਸਮਪੁਰ ਦੇ ਰਹਿਣ ਵਾਲੇ ਸੁਨੀਲ (23) ਨਾਲ ਹੋਇਆ ਸੀ। ਵਿਆਹ ਮਗਰੋਂ ਮਹਿਜ਼ ਨੌਂ ਦਿਨ ਆਪਣੇ ਸਹੁਰੇ ਘਰ ਰਹਿਣ ਤੋਂ ਬਾਅਦ ਉਹ ਆਪਣੇ ਮਾਪਿਆਂ ਘਰ ਚਲੀ ਗਈ ਸੀ। ਵਾਪਸ ਆਉਣ ਦੀ ਜਗ੍ਹਾ ਉਹ 10 ਦਿਨਾਂ ਬਾਅਦ ਆਪਣੇ ਪ੍ਰੇਮੀ ਨਾਲ ਭੱਜ ਗਈ। ਸੁਨੀਲ ਨੇ ਹਾਲ ਹੀ ਵਿੱਚ ਪੁਲੀਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਲੜਕੀ ਥਾਣੇ ਗਈ ਅਤੇ ਅਧਿਕਾਰੀਆਂ ਤੇ ਪਰਿਵਾਰਕ ਮੈਂਬਰਾਂ ਸਾਹਮਣੇ ਕਿਹਾ ਕਿ ਉਹ ਹੁਣ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ। ਪੁਲੀਸ ਅਧਿਕਾਰੀਆਂ ਨੇ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਕਰਵਾਇਆ ਅਤੇ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ। ਦੋਵਾਂ ਧਿਰਾਂ ਨੇ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਨੇ ਕਿਹਾ, ‘ਮੈਂ ਉਸ ਨੂੰ ਹਨੀਮੂਨ ਲਈ ਨੈਨੀਤਾਲ ਲਿਜਾਣ ਦੀ ਯੋਜਨਾ ਬਣਾਈ ਸੀ। ਪਰ ਜੇ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ ਤਾਂ ਵੀ ਮੈਂ ਖੁਸ਼ ਹਾਂ। ਘੱਟੋ-ਘੱਟ ਮੇਰਾ ਅੰਤ ਰਾਜਾ ਰਘੂਵੰਸ਼ੀ ਵਰਗਾ ਤਾਂ ਨਹੀਂ ਹੋਇਆ। ਹੁਣ ਅਸੀਂ ਤਿੰਨੋਂ ਖੁਸ਼ ਹਾਂ, ਉਸ ਨੂੰ ਪਿਆਰ ਮਿਲ ਗਿਆ ਹੈ ਅਤੇ ਮੇਰੀ ਜ਼ਿੰਦਗੀ ਬਰਬਾਦ ਨਹੀਂ ਹੋਈ। -ਪੀਟੀਆਈ