ਸ਼ਿਮਲਾ-ਕਾਲਕਾ ਕੌਮੀ ਮਾਰਗ ਹਲਕੇ ਵਾਹਨਾਂ ਲਈ ਖੋਲ੍ਹਿਆ
ਸ਼ਿਮਲਾ, 8 ਅਗਸਤ
ਢਿੱਗਾਂ ਡਿੱਗਣ ਕਾਰਨ ਕਰੀਬ ਹਫਤੇ ਤੋਂ ਬੰਦ ਪਿਆ ਸ਼ਿਮਲਾ-ਕਾਲਕਾ ਕੌਮੀ ਮਾਰਗ ਅੱਜ ਹਲਕੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸੋਲਨ ਦੇ ਐੱਸਪੀ ਗੌਰਵ ਸਿੰਘ ਨੇ ਇਹ ਜਾਣਕਾਰੀ ਦਿੱਤੀ। ਸ਼ਿਮਲਾ ਨੂੰ ਚੰਡੀਗੜ੍ਹ ਨਾਲ ਜੋੜਨ ਵਾਲਾ ਹਾਈਵੇਅ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਧਰਮਪੁਰ ਅਤੇ ਪਰਵਾਣੂ ਵਿਚਾਲੇ ਕੋਟੀ ਨੇੜੇ 2 ਅਗਸਤ ਨੂੰ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਸੀ। ਸੋਲਨ ਦੇ ਡਿਪਟੀ ਸੁਪਰਡੈਂਟ ਆਫ ਪੁਲੀਸ (ਟਰੈਫਿਕ) ਭੀਸ਼ਮ ਸਿੰਘ ਠਾਕੁਰ ਨੇ ਦੱਸਿਆ ਕਿ ਸਵੇਰੇ 11.50 ਵਜੇ ਸੜਕ ਨੂੰ ਹਲਕੇ ਵਾਹਨਾਂ ਅਤੇ ਫ਼ਲ-ਸਬਜ਼ੀਆਂ ਲੈ ਕੇ ਜਾਣ ਵਾਲੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ। -ਪੀਟੀਆਈ
ਰਿਸ਼ੀਕੇਸ਼-ਬਦਰੀਨਾਥ ਹਾਈਵੇਅ ’ਤੇ ਵੀ ਆਵਾਜਾਈ ਬਹਾਲ
ਟੀਹਰੀ: ਰਿਸ਼ੀਕੇਸ਼-ਬਦਰੀਨਾਥ ਹਾਈਵੇਅ ਵੀ 19 ਘੰਟੇ ਬਾਅਦ ਮੁੜ ਖੋਲ੍ਹ ਦਿੱਤਾ ਗਿਆ ਹੈ। ਇਹ ਮਾਰਗ ਅਟਾਲੀ ਨੇੜੇ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਸੀ। ਕੱਲ੍ਹ ਸ਼ਾਮ ਸੱਤ ਵਜੇ ਢਿੱਗਾਂ ਡਿੱਗਣ ਕਾਰਨ ਹਾਈਵੇਅ ’ਤੇ ਵੱਡੀ ਗਿਣਤੀ ਵਾਹਨ ਫਸ ਗਏ ਸਨ। ਨਰੇਂਦਰ ਨਗਰ ਦੇ ਐੱਸਡੀਐੱਮ ਦੇਵੇਂਦਰ ਨੇਗੀ ਨੇ ਦੱਸਿਆ ਕਿ ਕਰੀਬ 17 ਘੰਟਿਆਂ ਵਿੱਚ ਸੜਕ ਤੋਂ ਮਲਬਾ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਈਵੇਅ ’ਤੇ ਆਵਾਜਾਈ ਆਮ ਵਾਂਗ ਹੋ ਗਈ ਹੈ ਪਰ ਮੀਂਹ ਜਾਰੀ ਹੈ। -ਪੀਟੀਆਈ