For the best experience, open
https://m.punjabitribuneonline.com
on your mobile browser.
Advertisement

ਸ਼ਾਹ ਵੱਲੋਂ ਮਨੀਪੁਰ ’ਚ ਸ਼ਾਂਤੀ ਕਾਇਮ ਕਰਨ ਦੀ ਅਪੀਲ

07:39 AM Aug 10, 2023 IST
ਸ਼ਾਹ ਵੱਲੋਂ ਮਨੀਪੁਰ ’ਚ ਸ਼ਾਂਤੀ ਕਾਇਮ ਕਰਨ ਦੀ ਅਪੀਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ’ਚ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮਾਮਲੇ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਸ਼ਰਮਨਾਕ ਕਰਾਰ

ਨਵੀਂ ਦਿੱਲੀ, 9 ਅਗਸਤ
ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਦੋਵੇਂ ਹੱਥ ਜੋੜ ਕੇ ਮਨੀਪੁਰ ਵਿੱਚ ਤਿੰਨ ਮਹੀਨੇ ਤੋਂ ਚੱਲ ਰਹੀ ਹਿੰਸਾ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਮਨੀਪੁਰ ਵਿੱਚ ਲੜ ਰਹੀਆਂ ਦੋਹਾਂ ਧਿਰਾਂ ਕੁੱਕੀ ਤੇ ਮੈਤੇਈ ਭਾਈਚਾਰਿਆਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ। ਇਸੇ ਦੌਰਾਨ ਲੋਕ ਸਭਾ ਨੇ ਉੱਤਰ-ਪੂਰਬੀ ਸੂਬੇ ਵਿੱਚ ਸ਼ਾਂਤੀ ਦਾ ਹੋਕਾ ਦਿੰਦਾ ਇਕ ਮਤਾ ਵੀ ਪਾਸ ਕੀਤਾ।
ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਵੱਲੋਂ ਮਨੀਪੁਰ ਦੇ ਹਾਲਾਤ ਬਾਰੇ ਸਰਕਾਰ ਨੂੰ ਭੰਡੇ ਜਾਣ ਤੋਂ ਬਾਅਦ ਬੇਭਰੋਸਗੀ ਮਤੇ ’ਤੇ ਬਹਿਸ ਵਿਚਾਲੇ ਦਖ਼ਲ ਦਿੰਦਿਆਂ ਸ਼ਾਹ ਨੇ ਅਪੀਲ ਕੀਤੀ ਕਿ ਸੂਬੇ ਵਿੱਚ ਭੜਕੀ ਹਿੰਸਾ ਦੇ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ। ਸ਼ਾਹ ਨੇ ਕਿਹਾ, ‘‘ਮੈਂ ਵਿਰੋਧੀ ਧਿਰ ਨਾਲ ਸਹਿਮਤ ਹਾਂ ਕਿ ਮਨੀਪੁਰ ਵਿੱਚ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ...ਅਜਿਹੀਆਂ ਘਟਨਾਵਾਂ ਦਾ ਕੋਈ ਵੀ ਸਮਰਥਨ ਨਹੀਂ ਕਰ ਸਕਦਾ ਹੈ। ਜੋ ਕੁਝ ਹੋਇਆ ਉਹ ਸ਼ਰਮਨਾਕ ਹੈ, ਪਰ ਇਨ੍ਹਾਂ ਘਟਨਾਵਾਂ ਦਾ ਸਿਆਸੀਕਰਨ ਕਰਨਾ ਹੋਰ ਵੀ ਸ਼ਰਮਨਾਕ ਹੈ।’’ ਮੰਤਰੀ ਨੇ ਕਿਹਾ ਕਿ 3 ਮਈ ਤੋਂ ਸ਼ੁਰੂ ਹੋਈ ਇਸ ਹਿੰਸਾ ਵਿੱਚ ਹੁਣ ਤੱਕ 152 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, 14898 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 1106 ਐੱਫਆਈਆਰਜ਼ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਇਸੇ ਦੌਰਾਨ ਲੋਕ ਸਭਾ ਵਿੱਚ ਸਪੀਕਰ ਓਮ ਬਿਰਲਾ ਨੇ ਮਨੀਪੁਰ ਵਿੱਚ ਸ਼ਾਂਤੀ ਦੀ ਅਪੀਲ ਕਰਦਾ ਇਕ ਮਤਾ ਪੜ੍ਹਿਆ, ਜਿਸ ਦਾ ਐੱਨਡੀਏ ਦੇ ਮੈਂਬਰਾਂ ਵੱਲੋਂ ਵਿਰੋਧੀ ਧਿਰ ਦੀ ਹਾਜ਼ਰੀ ਵਿੱਚ ਸਮਰਥਨ ਕੀਤਾ ਗਿਆ। ਸ਼ਾਹ ਨੇ 4 ਮਈ ਦੀ ਘਟਨਾ ਦੇ ਉਸ ਵੀਡੀਓ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਕਰਵਾਈ ਗਈ ਸੀ। ਇਹ ਵੀਡੀਓ 19 ਜੁਲਾਈ ਨੂੰ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੀਡੀਓ ਬਾਰੇ ਕੁਝ ਨਹੀਂ ਸੀ ਪਤਾ।
ਉਨ੍ਹਾਂ ਕਿਹਾ ਕਿ ਜੇਕਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਥਾਂ ਸੂਬੇ ਦੇ ਡੀਜੀਪੀ ਨੂੰ ਸੌਂਪਿਆ ਹੁੰਦਾ ਤਾਂ ਇਹ ਸਮੇਂ ਸਿਰ ਦੋਸ਼ੀਆਂ ਨੂੰ ਫੜਨ ’ਚ ਮਦਦ ਹੋ ਸਕਦੀ ਸੀ। ਉਨ੍ਹਾਂ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਇਹ ਵੀਡੀਓ ਲੀਕ ਕਰਨ ਦੇ ਇਰਾਦੇ ’ਤੇ ਵੀ ਸਵਾਲ ਉਠਾਏ। ਸ਼ਾਹ ਨੇ ਮਨੀਪੁਰ ਵਿੱਚ ਲੜ ਰਹੇ ਕੁੱਕੀ ਤੇ ਮੈਤੇਈ ਭਾਈਚਾਰਿਆਂ ਨੂੰ ਬੈਠ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ ਕੀਤੀ। -ਪੀਟੀਆਈ

Advertisement

ਸ਼ਾਹ ਦਾ ਮਨੀਪੁਰ ਵੀਡੀਓ ਰਿਲੀਜ਼ ਹੋਣ ਦੇ ਸਮੇਂ ’ਤੇ ਸਵਾਲ ਉਠਾਉਣਾ ਸ਼ਰਮਨਾਕ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਮਨੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਕਰਵਾਏ ਜਾਣ ਸਬੰਧੀ ਵੀਡੀਓ ਦੇ ਰਿਲੀਜ਼ ਹੋਣ ਦੇ ਸਮੇਂ ’ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਦਾਅਵਾ ਕਰ ਕੇ ਕਿ ਖੁਫੀਆ ਏਜੰਸੀਆਂ ਨੂੰ ਅਜਿਹੀ ਕਿਸੇ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਸੀ, ਸ਼ਾਹ ਆਪਣੀ ਅਯੋਗਤਾ ਖ਼ੁਦ ਕਬੂਲ ਕਰ ਰਹੇ ਹਨ। -ਪੀਟੀਆਈ

Advertisement

ਧਾਰਾ 370 ਬਾਰੇ ਨਹਿਰੂ ਦੀ ਭੁੱਲ ਨੂੰ ਭਾਜਪਾ ਨੇ ਸੁਧਾਰਿਆ

ਗ੍ਰਹਿ ਮੰਤਰੀ ਨੇ ਧਾਰਾ 370 ਬਾਰੇ ਕਿਹਾ ਕਿ ਜਵਾਹਰ ਲਾਲ ਨਹਿਰੂ ਦੀ ਭੁੱਲ ਧਾਰਾ 370 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਖ਼ਤਮ ਕਰ ਕੇ ਜੰਮੂ ਕਸ਼ਮੀਰ ਤੋਂ ਅਤਿਵਾਦ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਉੱਥੇ ਕੋਈ ਇਕ ਛੋਟਾ ਜਿਹਾ ਪੱਥਰ ਵੀ ਨਹੀਂ ਸੁੱਟ ਸਕਦਾ ਹੈ। ਬੇਭਰੋਸਗੀ ਮਤੇ ਬਾਰੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨਾ ਹੁਰੀਅਤ ਨਾਲ ਗੱਲ ਕਰੇਗੀ, ਨਾ ਹੀ ਜਮੀਅਤ ਨਾਲ ਗੱਲ ਕਰੇਗੀ ਤੇ ਨਾ ਹੀ ਪਾਕਿਸਤਾਨ ਨਾਲ ਗੱਲ ਕਰੇਗੀ। ਉਨ੍ਹਾਂ ਕਿਹਾ, ‘‘ਜੇਕਰ ਗੱਲ ਕਰਨੀ ਹੀ ਹੋਵੇਗੀ ਤਾਂ ਸਰਕਾਰ ਵਾਦੀ ਦੇ ਨੌਜਵਾਨਾਂ ਨਾਲ ਕਰੇਗੀ, ਕਿਉਂ ਕਿ ਉਹ ਸਾਡੇ ਆਪਣੇ ਹਨ।’’

Advertisement
Author Image

joginder kumar

View all posts

Advertisement