ਸ਼ਾਹ ਵੱਲੋਂ ਨਕਸਲ ਵਿਰੋਧੀ ਮੁਹਿੰਮ ’ਚ ਸ਼ਾਮਲ ਅਧਿਕਾਰੀਆਂ ਨਾਲ ਮੁਲਾਕਾਤ
ਨਵੀਂ ਦਿੱਲੀ, 7 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨਾਲ ਅੱਜ ਇੱਥੇ ਮੁਲਾਕਾਤ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਨੂੰ ਨਕਸਲਵਾਦ ਵਰਗੀ ਅਲਾਮਤ ਤੋਂ ਮੁਕਤ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਇ, ਉਪ ਮੁੱਖ ਮੰਤਰੀ ਵਿਜੈ ਸ਼ਰਮਾ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਸ਼ਾਹ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਹਾਲ ਹੀ ਵਿੱਚ ਨਕਸਲਵਾਦ ਵਿਰੁੱਧ ਚਲਾਈ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਮੁਹਿੰਮ ਦੀ ਇਤਿਹਾਸਕ ਸਫ਼ਲਤਾ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।’’ ਉਨ੍ਹਾਂ ਕਿਹਾ, ‘‘ਮੁਹਿੰਮ ਨੂੰ ਆਪਣੀ ਬਹਾਦਰੀ ਨਾਲ ਸਫ਼ਲ ਬਣਾਉਣ ਵਾਲੇ ਜਵਾਨਾਂ ਨੂੰ ਵੀ ਮਿਲਣ ਲਈ ਉਤਸ਼ਾਹਿਤ ਹਾਂ ਅਤੇ ਜਲਦੀ ਹੀ ਛੱਤੀਸਗੜ੍ਹ ਆ ਕੇ ਉਨ੍ਹਾਂ ਨਾਲ ਮੁਲਾਕਾਤ ਕਰਾਂਗਾ।’’ ਸ਼ਾਹ ਨੇ ਕਿਹਾ, ‘‘ਮੋਦੀ ਸਰਕਾਰ ਨਕਸਲਵਾਦ ਦੀ ਅਲਾਮਤ ਤੋਂ ਭਾਰਤ ਨੂੰ ਮੁਕਤ ਕਰਵਾਉਣ ਲਈ ਵਚਨਬੱਧ ਹੈ।’’ ਛੱਤੀਸਗੜ੍ਹ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੇ ਹਾਲ ਹੀ ਵਿੱਚ ਛੱਤੀਸਗੜ੍ਹ-ਤਿਲੰਗਾਨਾ ਸਰਹੱਦ ’ਤੇ ਕੁੱਰਾਗੁੱਟਾ ਪਹਾੜੀਆਂ ਵਿੱਚ ਸਾਂਝੇ ਤੌਰ ’ਤੇ ਤਿੰਨ ਹਫ਼ਤੇ ਤੱਕ ਮੁਹਿੰਮ ਚਲਾਈ ਸੀ। ‘ਅਪਰੇਸ਼ਨ ਬਲੈਕ ਫਾਰੈਸਟ’ ਤਹਿਤ 31 ਕੱਟੜ ਮਾਓਵਾਦੀ ਮਾਰੇ ਗਏ ਅਤੇ ਪੀਐੱਲਜੀਏ ਬਟਾਲੀਅਨ ਨੰਬਰ 1, ਡੀਕੇਐੱਸਜ਼ੈੱਡਸੀ, ਟੀਐੱਸਸੀ ਅਤੇ ਸੀਆਰਸੀ ਸਣੇ ਕਈ ਪ੍ਰਮੁੱਖ ਮਾਓਵਾਦੀ ਜਥੇਬੰਦੀਆਂ ਦੇ ਸਾਂਝੇ ਹੈੱਡਕੁਆਰਟਰਾਂ ਨੂੰ ਨਸ਼ਟ ਕਰ ਦਿੱਤਾ ਗਿਆ। -ਪੀਟੀਆਈ