ਸ਼ਾਹੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਬਣੀਆਂ ਜਾਨ ਦਾ ਖੌਅ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਮਈ
ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ ’ਤੇ ਪਏ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜਿਸ ਖ਼ਿਲਾਫ਼ ਨਿਊ ਪਟਿਆਲਾ ਵੈੱਲਫੇਅਰ ਕਲੱਬ ਵੱਲੋਂ ਪ੍ਰਧਾਨ ਅਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਇਥੇ ਸਰਕਾਰ ਖਿਲਾਫ ਪ੍ਰਰਦਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਅਰਵਿੰਦਰ ਕਾਕਾ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਖਸਤਾ ਹਾਲਤ ਸਪੱਸ਼ਟ ਕਰਦੀ ਹੈ ਕਿ ਸਰਕਾਰ ਵਿਕਾਸ ਦੇ ਪੱਖ ਤੋਂ ਪੱਛੜ ਚੁੱਕੀ ਹੈ। ਸਰਕਾਰ ਦਾ ਵਿਕਾਸ ਸਿਰਫ ਬੋਰਡਾਂ ਅਤੇ ਨੀਂਹ ਪੱਥਰਾਂ ਤੱਕ ਹੀ ਸੀਮਤ ਹੈ। ਉਨ੍ਹਾਂ ਕਿਹਾ ਕਿ ਲੋਕ ਦੁਖੀ ਤੇ ਪ੍ਰੇਸ਼ਾਨ ਹਨ, ਸਰਕਾਰ ਵੱਲੋਂ ਪਟਿਆਲਾ ਵਾਸੀਆਂ ਦੀ ਸਮੱਸਿਆਵਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸੜਕਾਂ ’ਤੇ ਤਿੰਨ-ਤਿੰਨ ਫੁੱਟ ਪਾਣੀ ਕਈ ਕਈ ਘੰਟਿਆਂ ਤੱਕ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਾਹੀ ਸ਼ਹਿਰ ਦੀਆਂ ਸੜਕਾ ਨੂੰ ਮਜ਼ਬੂਤ ਬਣਾ ਕੇ ਇਨ੍ਹਾਂ ਵਿੱਚ ਪਏ ਜਾਨਲੇਵਾ ਖੱਡਿਆਂ ਤੋਂ ਮੁਕਤੀ ਦਿਵਾਈ ਜਾਵੇ। ਇਸ ਮੌਕੇ ਪ੍ਰਕਾਸ਼ ਸਿੰਘ, ਮਾਨ ਸਿੰਘ, ਕਰਮ ਸਿੰਘ, ਹੁਕਮ ਸਿੰਘ, ਚਰਨਜੀਤ ਚੌਹਾਨ, ਜਗਤਾਰ ਸਿੰਘ, ਪ੍ਰੇਮ ਚੰਦ, ਪਰਮਜੀਤ ਸਿੰਘ, ਸੰਤ ਸਿੰਘ, ਚਰਨਜੀਤ ਸਿੰਘ, ਨਰਿੰਦਰਪਾਲ ਸਿੰਘ, ਯਸ਼ ਕੁਮਾਰਤੇ ਰਾਮ ਸਿੰਘ ਆਦਿ ਵੀ ਹਾਜ਼ਰ ਸਨ।