ਸ਼ਾਮਲਾਤ: ਲੋਕਾਂ ਦੇ ਵਿਰੋਧ ਕਾਰਨ ਕੌਂਸਲ ਨੇ ਕਬਜ਼ਾ ਕਾਰਵਾਈ ਟਾਲੀ
ਹਰਜੀਤ ਸਿੰਘ
ਜ਼ੀਰਕਪੁਰ, 27 ਨਵੰਬਰ
ਇੱਥੋਂ ਦੇ ਪਿੰਡ ਗਾਜ਼ੀਪੁਰ ਜੱਟਾਂ ਵਿੱਚ ਸ਼ਮਸ਼ਾਨਘਾਟ ਵਾਲੀ ਥਾਂ ’ਤੇ ਡੰਪਿੰਗ ਗਰਾਊਂਡ ਬਣਾਉਣ ਦੇ ਮਾਮਲੇ ਵਿੱਚ ਅੱਜ ਨਗਰ ਕੌਂਸਲ ਨੇ ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦਿਆਂ ਕਬਜ਼ੇ ਦੀ ਕਾਰਵਾਈ ਟਾਲ ਦਿੱਤੀ। ਇਸ ਕਾਰਵਾਈ ਦਾ ਵਿਰੋਧ ਕਰਨ ਲਈ ਅੱਜ ਸਾਰਾ ਦਿਨ ਪਿੰਡ ਦੇ ਵੱਡੀ ਗਿਣਤੀ ਵਸਨੀਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਰਾ ਦਿਨ ਕੌਂਸਲ ਦੇ ਅਮਲੇ ਦੀ ਉਡੀਕ ਕਰਦੇ ਰਹੇ ਪਰ ਦੇਰ ਸ਼ਾਮ ਤੱਕ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜੇ ਨਗਰ ਕੌਂਸਲ ਡੰਪਿੰਗ ਗਰਾਊਂਡ ਬਣਾਉਣਾ ਚਾਹੁੰਦਾ ਹੈ ਤਾਂ ਉਹ ਪਿੰਡ ਦੀ ਹੋਰ ਸ਼ਾਮਲਾਤ ਜ਼ਮੀਨ ਨੂੰ ਭੂ-ਮਾਫੀਆ ਦੇ ਕਬਜ਼ੇ ਤੋਂ ਛੁਡਵਾ ਕੇ ਵਰਤ ਸਕਦੀ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਢਕੌਲੀ ਦੀਆਂ ਕੁਝ ਸੁਸਾਇਟੀਆਂ ਦਾ ਕੂੜਾ ਸੁੱਟਣ ਲਈ ਪਿੰਡ ਗਾਜ਼ੀਪੁਰ ਦੀ ਸ਼ਾਮਲਾਤ ਜ਼ਮੀਨ ਵਿੱਚ ਬਣੇ ਸ਼ਮਸ਼ਾਨਘਾਟ ਦੀ ਜ਼ਮੀਨ ਖਾਲੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਹਨ। ਨਗਰ ਕੌਂਸਲ ਨੇ ਪਿੰਡ ਵਾਸੀਆਂ ਦੇ ਸੰਘਰਸ਼ ਨੂੰ ਦੇਖਦਿਆਂ ਪੁਲੀਸ ਦੀ ਮਦਦ ਨਾਲ ਕਬਜ਼ਾ ਲੈਣ ਲਈ 27 ਤਰੀਕ ਤੈਅ ਕੀਤੀ ਸੀ। ਦੂਜੇ ਪਾਸੇ, ਪਿੰਡ ਵਾਸੀਆਂ ਵੱਲੋਂ ਕੀਤਾ ਰਿਹਾ ਸੰਘਰਸ਼ ਭਖਦਾ ਜਾ ਰਿਹਾ ਸੀ। ਇਸ ਕਾਰਵਾਈ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀ ਬੀਕੇਯੂ ਸਿੱਧੂਪੂਰ ਦਾ ਵੀ ਸਮਰਥਨ ਹਾਸਲ ਕਰ ਲਿਆ ਹੈ। ਨਗਰ ਕੌਂਸਲ ਵੱਲੋਂ ਅੱਜ ਦੇ ਕੀਤੇ ਐਲਾਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀ ਦੇ ਆਗੂ ਸਵੇਰ ਤੋਂ ਡਟੇ ਹੋਏ ਸਨ ਪਰ ਦੇਰ ਸ਼ਾਮ ਤੱਕ ਕੌਂਸਲ ਦਾ ਕੋਈ ਵੀ ਅਧਿਕਾਰੀ ਕਬਜ਼ਾ ਲੈਣ ਨਹੀਂ ਪਹੁੰਚਿਆ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਅੱਜ ਪੁਲੀਸ ਫੋਰਸ ਕਿਸੇ ਹੋਰ ਥਾਂ ਰੁਝੀ ਹੋਣ ਕਾਰਨ ਇਹ ਕਾਰਵਾਈ ਟਾਲ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅਗਲੀ ਕਾਰਵਾਈ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਸਹਿਮਤੀ ਬਣਾ ਕੇ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਡੀਐੱਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਥਿਤੀ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਕੋਈ ਕਦਮ ਚੁੱਕਿਆ ਜਾਵੇਗਾ।