ਸ਼ਹੀਦ ਸੇਵਾ ਸਿੰਘ ਠੀਕਰੀਵਾਲਾ: ਬਰਸੀ ਸਮਾਗਮ ਸਬੰਧੀ ਮੀਟਿੰਗ ਹੰਗਾਮਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 22 ਦਸੰਬਰ
ਪਿੰਡ ਠੀਕਰੀਵਾਲਾ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀਆਂ ਦੇ ਹੋਈ ਇਕੱਤਰਤਾ ਹੋਈ, ਜਿਸ ’ਚ ਗੁਰਦੁਆਰਾ ਕਮੇਟੀ ਦੇ ਸਕੱਤਰ ਨੂੰ ਲੈ ਕੇ ਰੌਲਾ ਪੈ ਗਿਆ। ਪਿੰਡ ਦੇ ਕੁਝ ਲੋਕਾਂ ਵੱਲੋਂ ਸਕੱਤਰ ਨੂੰ ਗੁਰਦੁਆਰਾ ਕਮੇਟੀ ਵਿੱਚੋਂ ਬਾਹਰ ਕੱਢਵਾਉਣ ਲਈ ਕਮੇਟੀ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਗਿਆ।
ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਭਜਨ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਅਤੇ ਬੂਟਾ ਸਿੰਘ ਨੇ ਕਿਹਾ ਕਿ ਕਮੇਟੀ ਦਾ ਸਕੱਤਰ ਸ਼ਰਾਬ ਪੀਂਦਾ ਫੜਿਆ ਗਿਆ ਸੀ ਜਿਸ ਦੀ ਬਾਕਾਇਦਾ ਵੀਡੀਓ ਵੀ ਬਣੀ ਹੋਈ ਹੈ। ਇਸ ਵਿਅਕਤੀ ਵਿਰੁੱਧ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਅਤੇ ਐੱਸਜੀਪੀਸੀ ਨੂੰ ਵੀ ਸ਼ਿਕਾਇਤ ਕੀਤੀ। ਅਜਿਹੇ ਵਿਅਕਤੀ ਨੂੰ ਗੁਰਦੁਆਰਾ ਕਮੇਟੀ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਜਿਸ ਕਰਕੇ ਉਹ ਇਸ ਵਿਅਕਤੀ ਨੂੰ ਕਮੇਟੀ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਕਤ ਸਕੱਤਰ ਨੂੰ ਕਮੇਟੀ ਤੋਂ ਬਾਹਰ ਨਾ ਕੀਤਾ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਸਬੰਧੀ ਕਮੇਟੀ ਦੇ ਸਕੱਤਰ ਹਰਪਾਲ ਸਿੰਘ ਨੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪਾਰਟੀਬਾਜ਼ੀ ਅਤੇ ਨਿੱਜੀ ਰੰਜਿਸ਼ ਕਰਕੇ ਉਸ ਉਪਰ ਝੂਠੇ ਦੋਸ਼ ਲਾਏ ਜਾ ਰਹੇ ਹਨ ਜੋ ਵਿਅਕਤੀ ਉਸ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ’ਤੇ ਉਸ ਦੀ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵਲੋਂ ਬਾਕਾਇਦਾ ਉਕਤ ਮਾਮਲੇ ਵਿੱਚ ਪੜਤਾਲ ਕਰਕੇ ਕਲੀਨ ਚਿੱਟ ਦਿੱਤੀ ਗਈ ਹੈ। ਸਾਰੀ ਗੁਰਦੁਆਰਾ ਕਮੇਟੀ ਅਤੇ ਨਗਰ ਉਸ ਦੇ ਨਾਲ ਹੈ।
ਸਰਪੰਚ ਕਿਰਨਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਸ਼ਹੀਦ ਸੇਵਾ ਸਿੰਘ ਦਾ ਬਰਸੀ ਸਮਾਗਮ ਹਰ ਵਾਰ ਦੀ ਤਰ੍ਹਾਂ ਸ਼ਰਧਾਪੂਰਵਕ ਮਨਾਇਆ ਜਾਵੇਗਾ। 18 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਪ੍ਰਕਾਸ਼ ਹੋਣਗੇ ਅਤੇ ਨਗਰ ਕੀਰਤਨ ਸਜਾਇਆ ਜਾਵੇਗਾ ਜਦਕਿ 19 ਜਨਵਰੀ ਨੂੰ ਸੂਬਾ ਸਰਕਾਰ ਅਤੇ 20 ਜਨਵਰੀ ਨੂੰ ਵਿਰੋਧੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਸ਼ਰਧਾਂਜਲੀ ਭੇਟ ਕਰਨ ਆਉਣਗੇ। ਉਨ੍ਹਾਂ ਕਿਹਾ ਕਿ ਇਹ ਇੱਕ ਧਾਰਮਿਕ ਸਮਾਗਮ ਹੈ ਅਤੇ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇੱਥੇ ਨਿੱਜੀ ਦੂਸ਼ਣਬਾਜ਼ੀ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।