ਸ਼ਹੀਦ ਬਾਬਾ ਕਾਬਲ ਸਿੰਘ ਕਲੱਬ ਨੇ ਕਬੱਡੀ ਟੂਰਨਾਮੈਂਟ ਕਰਵਾਇਆ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 5 ਮਈ
ਇੱਥੋਂ ਦੇ ਪਿੰਡ ਉਪਲੀ ਵਿੱਚ ਸ਼ਹੀਦ ਬਾਬਾ ਕਾਬਲ ਸਿੰਘ ਜੀ ਸਪੋਰਟਸ ਕਲੱਬ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਮਹਾਂਕੁੰਭ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਮਾਜ ਸੇਵੀ ਰਾਜਾ ਗਿੱਲ ਦੀ ਮਾਤਾ ਅਤੇ ਸਮਾਜ ਸੇਵਿਕਾ ਸਿਮਰਜੀਤ ਕੌਰ ਅਤੇ ਕਾਰੋਬਾਰੀ ਸੁੱਖੀ ਗਿੱਲ ਵੱਲੋਂ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਨੂੰ ਕਬੱਡੀ ਕੱਪ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕਬੱਡੀ ਟੂਰਨਾਮੈਂਟ ਵਿੱਚ ਅੱਠ ਟੀਮਾਂ ਮਿਨੀ ਓਪਨ ਦੀਆਂ ਅਤੇ ਅੱਠ ਟੀਮਾਂ ਅਕੈਡਮੀਆਂ ਦੀਆਂ ਨੇ ਹਿੱਸਾ ਲਿਆ। ਇਸ ਦੌਰਾਨ ਜੇਤੂਆਂ ਨੂੰ ਪਹਿਲਾ ਇਨਾਮ 9100 ਰੁਪਏ ਅਤੇ ਦੂਜਾ ਇਨਾਮ 7100 ਅਤੇ ਅਕੈਡਮੀਆਂ ਕਲੱਬਾਂ ਵਿੱਚ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦੇ ਕੇ ਨਿਵਾਜਿਆ ਗਿਆ। ਅਕੈਡਮੀ ਦੇ ਸਰਬੋਤਮ ਧਾਵੀ ਨੂੰ 21000 ਰੁਪਏ ਅਤੇ ਬੈਸਟ ਜਾਫੀ ਨੂੰ ਵੀ 21000 ਇਨਾਮ ਵਜੋਂ ਦਿੱਤੇ ਗਏ। ਵਿਧਾਇਕ ਪਠਾਣਮਾਜਰਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਸਨੌਰ ਦੇ ਸਾਰੇ ਖੇਡ ਮੈਦਾਨਾਂ ਵਿੱਚ ਵੱਡੀ ਰਾਸ਼ੀ ਖਰਚ ਕਰਨ ਖੇਡ ਸਟੇਡੀਅਮ ਬਣਾਏ ਜਾਣਗੇ। ਇਸ ਮੌਕੇ ਉਨ੍ਹਾਂ ਪਿੰਡ ਉਪਲੀ ਦੇ ਖੇਡ ਮੈਦਾਨ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਖੇਡ ਸਟੇਡੀਅਮ ਦੀ ਚਾਰਦੀਵਾਰੀ ਅਤੇ ਟਰੈਕ ਦਾ ਕੰਮ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਡਾ. ਗੁਰਮੀਤ ਸਿੰਘ ਬਿੱਟੂ, ਬਲਜਿੰਦਰ ਸਿੰਘ ਨੰਦਗੜ੍ਹ, ਸਾਜਨ ਢਿੱਲੋਂ, ਜਸਵਿੰਦਰ ਸਿੰਘ ਰਾਣਾ, ਤੇ ਸੱਜਣ ਸਿੰਘ ਸਰੋਆ ਆਦਿ ਮੌਜੂਦ ਸਨ।