ਸ਼ਹੀਦ ਅਗਨੀਵੀਰ ਅਕਾਸ਼ਦੀਪ ਸਿੰਘ ਐਵਾਰਡ ਦੀ ਸਥਾਪਨਾ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 17 ਮਈ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਦੇਸ਼ ਭਗਤੀ ਸਮਾਗਮ ਕਰਵਾਇਆ ਗਿਆ ਜਿਸ ਦਾ ਮਕਸਦ ਭਾਰਤੀ ਸੁਰੱਖਿਆ ਬਲਾਂ ਦੀ ਬੇਮਿਸਾਲ ਬਹਾਦਰੀ, ਵਚਨਬੱਧਤਾ ਅਤੇ ਸ਼ਹਾਦਤਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸੀ। ਇਹ ਸਮਾਗਮ ਦੇਸ਼ ਭਗਤੀ ਅਤੇ ਏਕਤਾ ਦੀ ਭਾਵਨਾ ਨੂੰ ਪ੍ਰਗਟ ਕਰਦਾ ਸੀ। ਸਮਾਗਮ ਦੌਰਾਨ ਮੁੱਖ ਭਾਸ਼ਣ ਪਰਮ ਵੀਰ ਚੱਕਰ ਪੁਰਸਕਾਰ ਵਿਜੇਤਾ, ਆਨਰੇਰੀ ਕੈਪਟਨ ਯੋਗੇਸ਼ ਯਾਦਵ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਆਪਣੀ ਵਿਰਾਸਤੀ ਕਹਾਣੀ ਰਾਹੀਂ ਨੌਜਵਾਨਾਂ ਨੂੰ ਦੇਸ਼ ਭਗਤੀ, ਸੇਵਾ ਅਤੇ ਬਹਾਦਰੀ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਗੁਰਦਿਤ ਸਿੰਘ ਸੇਖੋਂ, ਬਰਿਗੇਡਿਅਰ ਬਿਕਰਮ ਸਿੰਘ, ਬ੍ਰਿਗੇਡੀਅਰ ਰਹੁਲ ਯਾਦਵ, ਗਗਨਦੀਪ ਸਿੰਘ ਚੀਮਾ, ਬ੍ਰਿਗੇਡੀਅਰ (ਰਿ.) ਬਲਬੀਰ ਸਿੰਘ, ਕਮਾਂਡੈਂਟ, ਬੀਐੱਸਐੱਫ ਆਰਟੀ ਹੈੱਡਕੁਆਰਟਰ, ਡਾ. ਐੱਸਐੱਸ ਬਰਾੜ ਮੈਂਬਰ ਬੋਰਡ ਆਫ ਮੈਨੇਜਮੈਂਟ, ਰੀਵਾ ਸੂਦ, ਡਾਇਰੈਕਟਰ, ਅਗਰੀਵਾ ਨੈਚੁਲਰਜ਼, ਡਾ. ਰਵੀ ਬਾਂਸਲ, ਡਾ. ਸੰਜੀਵ ਗੋਇਲ ਸ਼ਾਮਲ ਸਨ। ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇੱਕ ਮਹੱਤਵਪੂਰਨ ਐਲਾਨ ਕੀਤਾ ਗਿਆ, ਜਿਸ ਦੇ ਅਧੀਨ ‘ਅਗਨੀਵੀਰ ਸਰਦਾਰ ਅਕਾਸ਼ਦੀਪ ਸਿੰਘ ਐਨੁਅਲ ਐਵਾਰਡ” ਦੀ ਸਥਾਪਨਾ ਕੀਤੀ ਗਈ। ਇਹ ਐਵਾਰਡ ਪਿੰਡ ਚਹਿਲ, ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਸਰਦਾਰ ਅਕਾਸ਼ਦੀਪ ਸਿੰਘ, ਜਿਨ੍ਹਾਂ ਨੇ ਅਗਨੀਵੀਰ ਵਜੋਂ ਸੇਵਾ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਦੀ ਯਾਦ ਨੂੰ ਸਮਰਪਿਤ ਹੈ।
ਇਹ ਐਵਾਰਡ ਹਰ ਸਾਲ ਯੂਨੀਵਰਸਿਟੀ ਦੇ ਹੈਲਥ ਸਕਿਲਿੰਗ ਸਟੱਡੀਜ਼ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਨੂੰ ਦਿੱਤਾ ਜਾਵੇਗਾ। ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਅਗਨੀਵੀਰ ਅਕਾਸ਼ਦੀਪ ਸਿੰਘ ਵੱਲੋਂ ਦਿੱਤੀ ਗਈ ਸ਼ਹਾਦਤ ਇੱਕ ਬੇਮਿਸਾਲ ਹੌਂਸਲੇ ਅਤੇ ਦੇਸ਼ ਪ੍ਰਤੀ ਨਿਭਾਉਣ ਵਾਲੀ ਨਿਸ਼ਠਾ ਦੀ ਮਿਸਾਲ ਹੈ।