ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਚੇਤਨਪੁਰਾ, 8 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਦੇ ਸਹਿਯੋਗ ਸਦਕਾ ਧਰਮ ਪ੍ਰਚਾਰ ਲਹਿਰ ਦੇ ਤਹਿਤ ਗੁਰਦੁਆਰਾ ਸਿੰਘ ਸਭਾ ਪਿੰਡ ਖ਼ਤਰਾਏ ਕਲਾਂ ਵਿੱਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਅਕਾਲ ਤਖਤ ਤੋਂ ਆਏ ਪੰਜ ਪਿਆਰਿਆਂ ਕੋਲੋਂ 16 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ।
ਅੰਮ੍ਰਿਤਪਾਨ ਕਰਨ ਵਾਲੇ ਅਭਿਲਾਖੀਆਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਕੱਕਾਰ ਭੇਟਾ ਰਹਿਤ ਦਿੱਤੇ ਗਏ। ਇਸ ਤੋਂ ਪਹਿਲਾਂ ਪ੍ਰਚਾਰਕ ਭਾਈ ਮਨਦੀਪ ਸਿੰਘ ਝੰਡੇਰ ਨੇ ਸੰਗਤ ਨੂੰ ਰੱਬੀ ਬਾਣੀ ਦੇ ਇਲਾਹੀ ਕੀਰਤਨਾਂ ਨਾਲ ਨਿਹਾਲ ਕਰਦਿਆਂ ਸਿੱਖ ਰਹਿਤ ਮਰਿਆਦਾ ਬਾਰੇ ਜਾਣਕਾਰੀ ਦਿੱਤੀ। ਜਦ ਕਿ ਬਾਬਾ ਗੁਰਿੰਦਰ ਸਿੰਘ ਨਿਸ਼ਕਾਮ ਪ੍ਰਚਾਰ ਸੇਵਾ ਸੁਸਾਇਟੀ ਵਾਲਿਆਂ ਵੱਲੋਂ ਨਗਰ ਵਿੱਚ ਸ਼ਬਦ ਚੌਕੀ ਜਥੇ ਨਾਲ ਸੰਗਤ ਨੂੰ ਗੁਰ ਸ਼ਬਦ ਅਤੇ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਗ੍ਰੰਥੀ ਬਾਬਾ ਸੁਖਬੀਰ ਸਿੰਘ, ਰਣਜੋਧ ਸਿੰਘ, ਜਗੀਰ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਨਵਿੰਦਰ ਸਿੰਘ ਹਾਜ਼ਰ ਸਨ।