ਸ਼ਹੀਦੀ ਜੋੜ ਮੇਲ: ਆਖ਼ਰੀ ਦਿਨ ਵੱਡੀ ਗਿਣਤੀ ਸੰਗਤ ਗੁਰੂ ਘਰਾਂ ’ਚ ਨਤਮਸਤਕ
ਸੰਜੀਵ ਬੱਬੀ
ਚਮਕੌਰ ਸਾਹਿਬ, 22 ਦਸੰਬਰ
ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਣੇ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਦੇ ਅੱਜ ਆਖ਼ਰੀ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਨਮਨ ਕਰਨ ਲਈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ ਅਤੇ ਹੋਰ ਗੁਰੂ ਘਰਾਂ ਵਿੱਚ ਨਤਮਸਤਕ ਹੋਈ। ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿੱਚ ਸੰਗਤ ਨੇ ਰਾਗੀ-ਢਾਡੀ ਸਿੰਘਾਂ ਦੇ ਇਤਿਹਾਸ ਵਖਿਆਨ ਨੂੰ ਸਰਵਣ ਕੀਤਾ। ਸਮੁੱਚੇ ਜੋੜ ਮੇਲ ਦੌਰਾਨ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਖਿੱਚ ਦਾ ਕੇਂਦਰ ਬਣਿਆ ਰਿਹਾ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸਿੱਖ ਇਤਿਹਾਸ ਦੇ ਅਮੀਰ ਸ਼ਹਾਦਤੀ ਵਿਰਸੇ ਨੂੰ ਅੱਖੀ ਦੇਖ ਕੇ ਮਹਿਸੂਸ ਕੀਤਾ।
ਯੂਥ ਕਲੱਬਜ਼ ਤਾਲਮੇਲ ਕਮੇਟੀ ਸਮੇਤ ਕੁੱਝ ਹੋਰ ਸੰਸਥਾਵਾਂ ਨੇ ਖੂਨਦਾਨ ਕੈਂਪ ਲਗਾਏ ਗਏ। ਦੂਜੇ ਪਾਸੇ ਦੇਰ ਸ਼ਾਮ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਜ਼ਿਕਰਯੋਗ ਹੈ ਕਿ ਬਹੁਤਾਤ ਸੰਗਤ ਦੇ ਮੋਬਾਈਲ ਅਤੇ ਜੇਬਾਂ ਵਿੱਚੋਂ ਬਟੂਏ ਕੱਢੇ ਗਏ।
ਝਾੜ ਸਾਹਿਬ ਤੱਕ ਸਜਾਈ ਦਸਮੇਸ਼ ਪੈਦਲ ਯਾਤਰਾ
ਇਸੇ ਦੌਰਾਨ ਪੰਜਾਬ ਕਲਾ ਮੰਚ ਚਮਕੌਰ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ 22ਵੀਂ ਦਸਮੇਸ਼ ਪੈਦਲ ਬੀਤੀ ਰਾਤ 12 ਵਜੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੱਕ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸਜਾਈ ਗਈ। ਅਵਤਾਰ ਸਿੰਘ ਘੁੰਮਣ ਨੇ ਸਤਿਨਾਮ ਵਾਹਿਗੁਰੂ ਦੇ ਜਾਪ ਕਰਵਾਇਆ ਅਤੇ ਬੀਬੀ ਅਨਮੋਲ ਕੌਰ ਨੇ ਧਾਰਮਿਕ ਗੀਤ ਸੁਣਾਇਆ। ਕਥਾਵਾਚਕ ਭਾਈ ਗੁਰਬਾਜ ਸਿੰਘ ਵਲੋਂ ਗੜ੍ਹੀ ਦਾ ਇਤਿਹਾਸ ਸਰਵਣ ਕਰਵਾਉਣ ਅਤੇ ਅਰਦਾਸ ਕਰਨ ਉਪਰੰਤ ਜੈਕਾਰੇ ਛੱਡ ਕੇ ਵੱਡੀ ਗਿਣਤੀ ਵਿੱਚ ਸੰਗਤ ਨੂੰ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਗਲੇ ਪੜਾਅ ਲਈ ਰਵਾਨਾ ਕੀਤਾ।
ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਯਾਤਰਾ ਦਾ ਮਕਸਦ ਗੜ੍ਹੀ ਚਮਕੌਰ ਦੀ ਜੰਗ ਦੌਰਾਨ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਗੜ੍ਹੀ ਛੱਡਣ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨੂੰ ਮਹਿਸੂਸ ਕਰਨਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਉਸ ਸਮੇਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਣਾ ਹੈ।
ਸਰਵਣ ਸਿੰਘ ਨੂਰਪੁਰ ਬੇਦੀ ਵਲੋਂ ਫੁੱਲਾਂ ਦੀ ਵਰਖਾ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੱਕ ਕੀਤੀ ਗਈ। ਇਹ ਯਾਤਰਾ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੇ ਗੁਰਦੁਆਰਾ ਸਾਹਿਬ ਪਿੰਡ ਰਾਏਪੁਰ, ਗੁਰਦੁਆਰਾ ਸ੍ਰੀ ਜੰਡ ਸਾਹਿਬ, ਪਿੰਡ ਧੌਲਰਾਂ ਦਾ ਪੁਲ, ਕੀੜੀ ਅਫਗਾਨਾ ਕੋਟਲਾ ਸੁਰਮੁੱਖ ਸਿੰਘ ਅਤੇ ਪਿੰਡ ਬਹਿਲੋਲਪੁਰ ਹੁੰਦੀ ਹੋਈ ਸਵੇਰੇ ਅੱਠ ਵਜੇ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਪੁੱਜੀ, ਜਿੱਥੇ ਹੈਡ ਗ੍ਰੰਥੀ ਜਗਤਾਰ ਸਿੰਘ ਨੇ ਸੰਪੂਰਨਤਾ ਦੀ ਅਰਦਾਸ ਕੀਤੀ।
ਉਨ੍ਹਾਂ ਦੱਸਿਆ ਕਿ 21 ਕਿਲੋਮੀਟਰ ਦੇ ਸਾਰੇ ਰਸਤੇ ਰਾਤ ਭਰ ਸੰਗਤ ਨੇ ਜਾਗ ਕੇ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਨਿਸ਼ਾਨ ਸਾਹਿਬ ਦੀ ਸੇਵਾ ਪਰਮਿੰਦਰ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਡਾ ਰਾਜਪਾਲ ਸਿੰਘ ਚੌਧਰੀ, ਪ੍ਰਧਾਨ ਕਰਨੈਲ ਸਿੰਘ, ਪ੍ਰਧਾਨ ਜਗੀਰ ਸਿੰਘ ਖੋਖਰ, ਗੁਰਦੀਪ ਸਿੰਘ ਮਹਿਤੋਤ, ਗੁਰਸ਼ਰਨ ਸਿੰਘ ਮਾਵੀ, ਇੰਦਰਜੀਤ ਸਿੰਘ ਕੈਥਲ, ਸੇਵਾ ਸਿੰਘ ਭੂਰੜੇ, ਰਘਵੀਰ ਸਿੰਘ, ਕੈਪਟਨ ਹਰਪਾਲ ਸਿੰਘ, ਸਵਰਨ ਸਿੰਘ, ਮੱਖਣ ਸਿੰਘ, ਰਾਮਪਾਲ ਸਿੰਘ, ਸਤਵਿੰਦਰ ਸਿੰਘ ਅਤੇ ਭਾਈ ਚਰਨਜੀਤ ਸਿੰਘ ਹਾਜ਼ਰ ਸਨ।
ਕੁੰਮਾ ਮਾਸ਼ਕੀ ਦਾ ਸਾਲਾਨਾ ਜੋੜ ਮੇਲ ਸਮਾਪਤ
ਘਨੌਲੀ (ਜਗਮੋਹਨ ਸਿੰਘ): ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਰਸਾ ਨਦੀ ਪਾਰ ਕਰਾਉਣ ਵਾਲੇ ਮਲਾਹ ਕੁੰਮਾ ਮਾਸ਼ਕੀ ਦੀ ਯਾਦ ਵਿੱਚ ਕਰਵਾਇਆ ਜਾਣ ਵਾਲਾ ਸਾਲਾਨਾ ਜੋੜ ਮੇਲ ਅੱਜ ਸਮਾਪਤ ਹੋ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚੱਕ ਢੇਰਾ ਅਤੇ ਅਸਥਾਨ ਦੇ ਖੋਜ ਕਰਤਾ ਭਾਈ ਸੁਰਿੰਦਰ ਸਿੰਘ ਖਜੂਰਲਾ ਦੀ ਦੇਖ-ਰੇਖ ਅਧੀਨ ਕਰਵਾਏ ਗਏ ਤਿੰਨ ਦਿਨਾਂ ਸਮਾਗਮ ਦੌਰਾਨ ਉੱਚ ਕੋਟੀ ਦੇ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਿੱਖ ਪੰਥ ਲਈ ਦਿੱਤੀਆਂ ਕੁਰਬਾਨੀਆਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਮਾਗਮ ਦੇ ਆਖਰੀ ਦਿਨ ਪ੍ਰਬੰਧਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਯਾਦਗਾਰ ਛੰਨ ਕੁੰਮਾ ਮਾਸ਼ਕੀ ਤੋਂ ਇਤਿਹਾਸਿਕ ਪਿਲਖਣ ਦੇ ਦਰੱਖਤ ਤੱਕ ਪੈਦਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਨਾਲ ਤਿੰਨ ਦਿਨਾਂ ਜੋੜ ਮੇਲ ਦੀ ਸਮਾਪਤੀ ਹੋਈ।
ਦਸਮੇਸ਼ ਮਾਰਚ ਦਾ ਘਨੌਲੀ ਖੇਤਰ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ
ਘਨੌਲੀ (ਜਗਮੋਹਨ ਸਿੰਘ): ਗੁਰੂ ਗੋਬਿੰਦ ਸਿੰਘ ਵੱਲੋਂ ਕਿਲ੍ਹਾ ਛੱਡਣ ਦੀ ਘਟਨਾ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੋਇਆ ਅਲੌਕਿਕ ਦਸਮੇਸ਼ ਪੈਦਲ ਮਾਰਚ ਬੀਤੀ ਰਾਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਰਾਤ ਪੜਾਅ ਕਰਨ ਉਪਰੰਤ ਅੱਜ ਸਵੇਰੇ ਅਗਲੇ ਪੜਾਅ ਭੱਠਾ ਸਾਹਿਬ ਲਈ ਰਵਾਨਾ ਹੋਇਆ। ਬਾਬਾ ਕੁਲਵੰਤ ਸਿੰਘ ਲੱਖਾ ਦੀ ਦੇਖ-ਰੇਖ ਅਧੀਨ ਕੱਢੇ ਜਾ ਰਹੇ ਇਸ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਘਨੌਲੀ ਖੇਤਰ ਦੇ ਪਿੰਡਾਂ ਸਰਸਾ ਨੰਗਲ, ਇੰਦਰਪੁਰੀ ਥਲੀ ਖ਼ੁਰਦ, ਘਨੌਲੀ, ਨੂੰਹੋ ਕਾਲੋਨੀ, ਰਤਨਪੁਰਾ, ਦਬੁਰਜੀ, ਲੌਦੀਮਾਜਰਾ, ਆਲਮਪੁਰ ਤੇ ਕਟਲੀ ਆਦਿ ਪਿੰਡਾਂ ਦੇ ਵਸਨੀਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਪ੍ਰਬੰਧਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਕਿਲ੍ਹਾ ਛੱਡਣ, ਪਰਿਵਾਰ ਵਿਛੋੜੇ ਅਤੇ ਵੱਖ ਵੱਖ ਲੜਾਈਆਂ ਦੇ ਦ੍ਰਿਸ਼ਾਂ ਸਬੰਧੀ ਟਰਾਲੀਆਂ ਤੇ ਆਦਮ ਕੱਦ ਤਸਵੀਰਾਂ ਸਜਾਈਆਂ ਹੋਈਆਂ ਸਨ, ਜੋ ਹਰ ਕਿਸੇ ਦਾ ਧਿਆਨ ਕੇਂਦਰਿਤ ਕਰ ਰਹੀਆਂ ਸਨ।