ਸ਼ਰਮੀਲਾ ਟੈਗੋਰ ਨੇ ਕਾਨ ਫਿਲਮ ਮੇਲੇ ’ਚ ਸ਼ਿਰਕਤ ਕੀਤੀ
ਨਵੀਂ ਦਿੱਲੀ:
ਬੌਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਸੱਤਿਆਜੀਤ ਰੇਅ ਨਾਲ ਸਾਲ 1970 ’ਚ ਆਈ ਫਿਲਮ ‘ਅਰਨਯਰ ਦਿਨ ਰਾਤਰੀ’ ਦੀ ਸਕਰੀਨਿੰਗ ਮੌਕੇ ਕਾਨ ਫਿਲਮ ਮੇਲੇ-2025 ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸ਼ਰਮੀਲਾ ਟੈਗੋਰ ਦੇ ਨਾਲ ਉਨ੍ਹਾਂ ਦੀ ਧੀ ਅਤੇ ਡਿਜ਼ਾਈਨਰ ਸਬਾ ਪਟੌਦੀ ਵੀ ਸੀ। ਬੰਗਾਲੀ ਫਿਲਮ ‘ਅਰਨਯਰ ਦਿਨ ਰਾਤਰੀ’ ਨੂੰ ਅੰਗਰੇਜ਼ੀ ’ਚ ‘ਡੇਅਜ਼ ਐਂਡ ਨਾਈਟਸ ਇਨ ਦਿ ਫੋਰੈਸਟ’ ਟਾਈਟਲ ਦਿੱਤਾ ਗਿਆ ਹੈ ਤੇ ਇਸ ਨੂੰ ਕਲਾਸਿਕਸ ਸੈਕਸ਼ਨ ਦੇ ਤਹਿਤ ਕਾਨ ਫ਼ਿਲਮ ਮੇਲੇ ’ਚ ਦਿਖਾਇਆ ਜਾਵੇਗਾ। ਇਸ ਸਬੰਧੀ ਸਬਾ ਪਟੌਦੀ ਨੇ ਆਪਣੀ ਮਾਂ ਨਾਲ ਇੰਸਟਗ੍ਰਾਮ ’ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਸਬਾ ਨੇ ਲਿਖਿਆ,‘‘ਕਾਨ 2025 ! ਮਾਂ ਅਤੇ ਯਾਦਾਂ...’’ ‘ਅਰਨਯਰ ਦਿਨ ਰਾਤਰੀ’ ਨੂੰ ਫਿਲਮ ਹੈਰੀਟੇਜ ਫਾਊਂਡੇਸ਼ਨ (ਐੱਫਐੱਚਐੱਫ), ਜੈਨਸ ਫਿਲਮਜ਼ ਅਤੇ ਕ੍ਰਾਈਟੇਰੀਅਨ ਕਲੈਕਸ਼ਨ ਦੇ ਸਹਿਯੋਗ ਨਾਲ ਦਿ ਫਿਲਮ ਫਾਊਂਡੇਸ਼ਨ ਦੇ ਵਰਲਡ ਸਿਨੇਮਾ ਪ੍ਰਾਜੈਕਟ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ ਦੀ ਫੰਡਿੰਗ ਗੋਲਡਨ ਗਲੋਬ ਫਾਊਂਡੇਸ਼ਨ ਨੇ ਕੀਤੀ ਸੀ। ਫਿਲਮ ਦੇ ਕਲਾਕਾਰ ਟੈਗੋਰ, ਸਹਿ-ਕਲਾਕਾਰ ਸਿਮੀ ਗਰੇਵਾਲ, ਨਿਰਮਾਤਾ ਪੂਰਨਿਮਾ ਦੱਤਾ ਇਸ ਵੱਕਾਰੀ ਮੇਲੇ ਵਿੱਚ ਸਕਰੀਨਿੰਗ ਮੌਕੇ ਸ਼ਾਮਲ ਹੋਣਗੇ -ਪੀਟੀਆਈ