ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਮੀਲ ਦੀ ਕਿਤਾਬ ‘ਰੱਬ ਦਾ ਸੁਰਮਾ’ ਪੜ੍ਹਦਿਆਂ...

04:31 PM Jan 29, 2023 IST
Advertisement

ਗੁਰਪ੍ਰੀਤ

‘ਰੱਬ ਦਾ ਸੁਰਮਾ’ ਸ਼ਮੀਲ ਦੀ ਚੌਥੀ ਕਾਵਿ ਕਿਤਾਬ ਹੈ। ‘ਰੱਬ’ ਸ਼ਬਦ ਸ਼ਮੀਲ ਦੀ ਕਵਿਤਾ ਵਿੱਚ ਕਈ ਵਾਰ ਆਉਂਦਾ ਹੈ ਤੇ ਹਰ ਵਾਰ ਸਿਰ ‘ਤੇ ਨੀਲੀ ਛਤਰੀ ਵਾਂਗ ਤਣ ਜਾਂਦਾ ਹੈ। ਮਾਂ ਅਕਸਰ ਆਖਦੀ, ”ਨੀਲੀ ਛਤਰੀ ਵਾਲਾ ਸਭ ਦੇਖਦਾ ਹੈ”। ਇਹੋ ਦੇਖਣ ਦਾ ਕੰਮ ਕਵਿਤਾ ਕਰਦੀ ਹੈ। ਇਸ ਜਗਤ ਤਮਾਸ਼ੇ ਵਿੱਚ ਅਸੀਂ ਦਰਸ਼ਕ ਵੀ ਹਾਂ ਤੇ ਅਦਾਕਾਰ ਵੀ:

Advertisement

ਰੱਬ ਨੇ ਲਾਇਆ ਅਸਮਾਨ ਦਾ ਸ਼ਾਮਿਆਨਾ

ਦੁਨੀਆ ਵਿਆਹ ਵਿਆਹ ਖੇਡ ਰਹੀ ਹੈ (ਪੰਨਾ 119)

ਮੈਂ ਇਹਦੇ ਸਰਵਰਕ ‘ਤੇ ਰੁਕ ਜਾਂਦਾ ਹਾਂ। ‘ਰੱਬ’ ਸ਼ਬਦ ਪੜ੍ਹਦਿਆਂ ਕਿਸੇ ਅਗਮ ਅਪਹੁੰਚ ਲਈ ਮੇਰੇ ਹੱਥ ਨਹੀਂ ਜੁੜਦੇ ਸਗੋਂ ਇਹ ਸਭ ਮੈਨੂੰ ਗਲ਼ੇ ਲਾਉਂਦੇ ਨੇ, ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਮੈਂ ਇਨ੍ਹਾਂ ਨੂੰ ਗਲ਼ ਨਾਲ ਲਾਉਂਦਾ ਹਾਂ। ਰੱਬ ਮੈਨੂੰ ਕੋਈ ਧਾਰਮਿਕ ਸ਼ਬਦ ਨਹੀਂ, ਕਵਿਤਾ ਦਾ ਹੀ ਪਹਿਲਾ ਦੂਜਾ ਨਾਂ ਲੱਗਦਾ ਹੈ। ਕਿਤਾਬ ਖੋਲ੍ਹਦਾ ਹਾਂ। ਦੂਜੀ ਕਵਿਤਾ ਇਸੇ ਨਾਂ ਦੀ ਹੈ। ਇਸੇ ਵਿੱਚੋਂ ਹੀ ਕਜਲਾਈਆਂ ਅੱਖਾਂ ਨਾਲ ਦੇਖਣਾ ਤੇ ਕਜਲਾਈਆਂ ਅੱਖਾਂ ਨੂੰ ਦੇਖਣਾ ਮਹਿਸੂਸ ਹੁੰਦਾ ਹੈ:

ਰੱਬ ਨੇ ਸਾਡੇ ਸੁਰਮਾ ਪਾਇਆ

ਤਾਂ ਕਿ ਦੇਖੀਏ ਕਜਲਾਈਆਂ ਅੱਖਾਂ ਨਾਲ

ਦੁਨੀਆ ਤਾਂ ਕਿ ਬਲੈਕ ਐਂਡ ਵਾਇਟ ਨਾ ਹੋਵੇ

ਡੁੱਬਦੇ ਸੂਰਜ ਦੀ ਮਤਾਬੀ ਰੌਸ਼ਨੀ

ਰੱਬ ਨੇ ਸਾਡੀ ਅੱਖ ਵਿੱਚ ਪਾ ਦਿੱਤੀ-

ਥੋੜ੍ਹੀ ਕਵਿਤਾ

ਕੁਝ ਰੰਗ ਤੇ

ਰੌਸ਼ਨੀ (ਪੰਨਾ 24)

ਸ਼ਮੀਲ ਕੋਲ ਕਵਿਤਾ ਲਿਖਣ ਦਾ ਅਪਣਾ ਮੁਹਾਵਰਾ ਹੈ, ਜਿਵੇਂ ਡੁੱਬਦੇ ਸੂਰਜ ਕੋਲ ਮਤਾਬੀ ਰੌਸ਼ਨੀ ਹੈ, ਜਿਵੇਂ ਧੁੱਪ ਕੋਲ ਨਿੱਘ ਹੈ ਜਿਵੇਂ ਪਹਾੜ ਕੋਲ ਉਚਾਈ ਹੈ। ਪੜ੍ਹਦਿਆਂ ਅਸੀਂ ਪੌੜੀਆਂ ਉਤਰਦੇ ਹਾਂ ਜਿਵੇਂ ਪਾਤਾਲ ‘ਚ ਲਹਿੰਦੇ ਹੋਈਏ, ਪੌੜੀਆਂ ਚੜ੍ਹ ਰਹੇ ਹੁੰਦੇ ਹਾਂ ਜਿਵੇਂ ਆਕਾਸ਼ ਨੂੰ ਛੂਹਣਾ ਹੋਵੇ। ਸਾਨੂੰ ਲੱਗਦਾ ਹੈ ਜਿਹੜੀਆਂ ਗੱਲਾਂ ਅਸੀਂ ਕਵਿਤਾ ਵਿੱਚ ਪੜ੍ਹ ਰਹੇ ਹਾਂ ਇਨ੍ਹਾਂ ਨੂੰ ਤਾਂ ਅਸੀਂ ਪਹਿਲਾਂ ਹੀ ਜਾਣਦੇ ਸਾਂ, ਪਰ ਇਹ ਪਹਿਲਾਂ ਉਹੋ ਜਿਹੀਆਂ ਨਹੀਂ ਸਨ, ਜਿਹੋ ਜਿਹੀਆਂ ਹੁਣ ਕਵਿਤਾ ਪੜ੍ਹ ਕੇ ਲੱਗ ਰਹੀਆਂ ਹਨ। ਸ਼ਮੀਲ ਦੀ ਕਵਿਤਾ ਸਾਨੂੰ ਆਪਣੇ ਆਪ ਨੂੰ ਤੇ ਆਪਣੇ ਆਲੇ-ਦੁਆਲੇ ਨੂੰ ਆਪਣੀ ਹੀ ਤਰ੍ਹਾਂ ਨਾਲ ਦੇਖਣ ਦੀ ਦ੍ਰਿਸ਼ਟੀ ਦਿੰਦੀ ਹੈ। ਸਾਨੂੰ ਲੱਗਦਾ ਹੈ ਕਿ ਇਹ ਕਵਿਤਾ ਤਾਂ ਮੇਰੇ ਲਈ ਹੀ ਲਿਖੀ ਗਈ ਹੈ। ਇਹ ਤਾਂ ਮੇਰੀ ਹੀ ਕਵਿਤਾ ਹੈ:

ਇਥੇ ਦੁਖਦਾ ਕੁਛ / ਥਾਂ ਇਹ ਜਿੰਦਾ ਹੋਣੀ

ਸੁੰਨ ਨਹੀਂ ਹੋਈ ਅਜੇ / ਮਰੀ ਨਹੀਂ ਲਗਦੀ

ਥਾਂ ਇਹ ਮਹਿਸੂਸ ਕਰਦੀ

ਛੂਹ ਦਾ ਫਰਕ/ ਜਦ ਸਕੂਨ ਮਿਲੇ

ਜਾਂ ਚੁੱਭੇ ਕੁੱਝ

ਇਹ ਥਾਂ ਅਜੇ ਜਿੰਦਾ

ਇਹ ਥਾਂ ਕਵਿਤਾ ਮੇਰੀ (ਪੰਨਾ 25)

ਸ਼ਮੀਲ ਦੀ ਕਵਿਤਾ ਸਾਨੂੰ ਇਹ ਥਾਂ ਭਾਲਣ ਵਿੱਚ ਮਦਦ ਕਰਦੀ ਹੈ। ਅਸੀਂ ਛੂਹ ਦਾ ਫ਼ਰਕ ਮਹਿਸੂਸ ਕਰਦੇ ਆਪਣੇ ਆਪ ਨਾਲ ਜੁੜਦੇ ਹਾਂ, ਇਹ ਜੁੜਨਾ ਹੀ ਸਾਨੂੰ ਦੂਜਿਆਂ ਨਾਲ ਜੋੜਦਾ ਹੈ।

ਸ਼ਮੀਲ ਦੀ ਪਹਿਲੀ ਕਾਵਿ ਕਿਤਾਬ ‘ਇੱਕ ਛਿਣ ਦੀ ਵਾਰਤਾ’ 1989 ਵਿੱਚ ਪ੍ਰਕਾਸ਼ਿਤ ਹੋਈ। ਇਹ ਉਹ ਸਮਾਂ ਸੀ ਜਦੋਂ ਪੰਜਾਬੀ ਦੀ ਬਹੁਤੀ ਕਵਿਤਾ ਸ਼ਬਦ-ਅਡੰਬਰ ਅਤੇ ਬਿੰਬਾਂ ਪ੍ਰਤੀਕਾਂ ਵਿੱਚ ਉਲਝੀ ਹੋਈ ਤੇ ਇੱਕੋ ਤਰ੍ਹਾਂ ਦੀ ਸੀ। ਪਾਠਕ ਇਸ ਵਿੱਚ ਗੁਆਚਣ ਦੇ ਡਰੋਂ ਇਸ ਤੋਂ ਕਿਨਾਰਾ ਕਰ ਰਿਹਾ ਸੀ। ਉਸ ਵੇਲੇ ਦੇ ਕੁਝ ਹੋਰ ਕਵੀਆਂ ਸਮੇਤ ਸ਼ਮੀਲ ਦੀ ਇਸ ਕਿਤਾਬ ਨੇ ਆਪਣੀ ਤਾਜ਼ਾ ਅਤੇ ਸਹਿਜ ਕਾਵਿ ਭਾਸ਼ਾ ਨਾਲ ਵੱਖਰੀ ਥਾਂ ਬਣਾਈ। ਫਿਰ ਵੀਹ ਸਾਲਾਂ ਬਾਅਦ ‘ਓ ਮੀਆਂ’ ਅਤੇ ਅਗਲੇ ਦਸ ਸਾਲਾਂ ਬਾਅਦ ‘ਧੂਫ਼’ ਨਾਲ ਉਹ ਹੋਰ ਸਹਿਜ ਸਰਲ ਹੋ ਗਿਆ। ਹੁਣ ਚੌਥੀ ਕਿਤਾਬ ‘ਰੱਬ ਦਾ ਸੁਰਮਾ’ ਸਾਡੇ ਸਾਹਮਣੇ ਹੈ, ਇਸ ਵਿੱਚ ਨਵੀਆਂ ਕਵਿਤਾਵਾਂ ਸਮੇਤ ਪਹਿਲੀਆਂ ਕਿਤਾਬਾਂ ਵਿੱਚੋਂ ਵੀ ਕੁਝ ਚੋਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸ਼ਮੀਲ ਆਖਦਾ ਹੈ ਕਿ ਚਾਹੇ ਤਾਂ ਕੋਈ ਇਸ ਨੂੰ ਮੁਹੱਬਤ ਦੀ ਕਵਿਤਾ ਕਹਿ ਸਕਦਾ ਹੈ। ਇਹ ਹੈ ਹੀ ਪ੍ਰੇਮ ਦੀ ਕਵਿਤਾ, ਜਿਸ ਦੀ ਇਨ੍ਹਾਂ ਵੇਲਿਆਂ ਵਿੱਚ ਸਭ ਤੋਂ ਵੱਧ ਲੋੜ ਹੈ। ਕਵੀ ਦੀ ਚਿੰਤਾ ਹਰ ਉਸ ਸੰਵੇਦਨਸ਼ੀਲ ਅਤੇ ਵਿਚਾਰਵਾਨ ਦੀ ਹੈ ਜਿਸ ਨੂੰ ਇਹ ਅਹਿਸਾਸ ਹੈ ਕਿ ਇਨਸਾਨ, ਇਨਸਾਨ ਬਣਿਆ ਰਹੇ। ਕਿਉਂਕਿ ਮਨੁੱਖ ਨੂੰ ਮਸ਼ੀਨ ਬਣਾਉਣ ਦੀ ਸਾਜ਼ਿਸ਼ ਪੈਰ ਪੈਰ ‘ਤੇ ਹੋ ਰਹੀ ਹੈ। ਪ੍ਰੇਮ ਹੀ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ। ਸ਼ਮੀਲ ਇਸ ਕਿਤਾਬ ਨੂੰ ਛੇ ਭਾਗਾਂ ਵਿੱਚ ਵੰਡਦਾ ਹੈ। ਇਨ੍ਹਾਂ ਸਭ ਦੀ ਸੁਰ ਮੁਹੱਬਤ ਹੈ ਜੋ ਵੱਖ ਵੱਖ ਪ੍ਰਤੀਕਾਂ ਬਿੰਬਾਂ ਰਾਹੀਂ ਹੋਂਦ ਪ੍ਰਗਟਾਉਂਦੀ ਹੈ। ਇਸੇ ਲਈ ਕਵੀ ਆਖਦਾ ਹੈ:

ਇਹ ਸਤਰਾਂ ਨਹੀਂ

ਇਨ੍ਹਾਂ ਨੂੰ ਦਿਲ ਸਮਝ ਮੇਰਾ (ਪੰਨਾ 26)

ਮੈਂ ਜਿਸ ਨੂੰ ਦੇਖ ਨਹੀਂ ਸਕਦਾ

ਦਿਲ ਉਸ ਨੂੰ ਪਛਾਣ ਲੈਂਦਾ (ਪੰਨਾ 34)

ਦੂਜੇ ਭਾਗ ਦਾ ਨਾਂ ‘ਚਿਹਰੇ ਦੇਖੇ ਦੇਖੇ’ ਹੈ, ਪਿਆਰ ਦਾ ਇੱਕ ਹੋਰ ਅਧਿਆਏ। ਇਹਦਾ ਮੈਟਾਫਰ ਟਰੇਨ ਹੈ। ਜੇ ਸਾਡਾ ਕਵੀਸ਼ਰ ਜੱਗ ਨੂੰ ਰੇਲਾਂ ਦਾ ਜੰਕਸ਼ਨ ਆਖਦਾ ਹੈ, ਜਿੱਥੇ ਇੱਕ ਗੱਡੀ ਆਉਂਦੀ ਤੇ ਇੱਕ ਜਾਂਦੀ ਨਾਲ ਆਵਾਗਵਣ ਨੂੰ ਦਰਸਾਉਂਦਾ ਹੈ ਤਾਂ ਹਿੰਦੀ ਕਵੀ ਅਲੋਕ ਧਨਵਾ ਰੇਲ ਨੂੰ ਮਾਂ ਦੇ ਘਰ ਨੂੰ ਜਾਂਦੀ ਹੋਈ ਦਿਖਾਉਂਦਾ ਹੈ। ਕੋਈ ਹੋਰ ਕਵੀ ਗੱਡੀ ਦੀ ਬਜਾਇ ਉਹਦੀ ਕੂਕ ‘ਤੇ ਚੜ੍ਹਦਾ ਹੈ। ਸ਼ਮੀਲ ਇਸੇ ਟਰੇਨ ਬਹਾਨੇ ਅਨੇਕਾਂ ਕਵਿਤਾਵਾਂ ਰਚਦਾ ਹੈ। ਪੜ੍ਹਦਿਆਂ ਅਸੀਂ ਖ਼ੁਦ ਇੱਕ ਸਫ਼ਰ ‘ਤੇ ਨਿਕਲ ਤੁਰਦੇ ਹਾਂ। ਇਹ ਸਫ਼ਰ ਨਿਰੋਲ ਅਪਣਾ ਹੁੰਦਾ ਹੋਇਆ ਵੀ ਅਨੇਕਾਂ ਨਾਲ ਜੁੜਿਆ ਹੁੰਦਾ ਹੈ:

ਮਿਲੇ ਹਾਂ ਤਾਂ ਕੋਈ ਗੱਲ ਕਰੀਏ

ਉੱਤਰ ਤਾਂ ਸਭ ਨੇ ਜਾਣਾ

ਆਖਰ ਤੁਸੀਂ ਮੇਰੇ ਨਾਲ ਬੈਠੇ ਹੋ

ਵਿਛੜ ਤਾਂ ਸਭ ਨੇ ਜਾਣਾ

ਰੂਹਾਂ ਦੇਖੋ ਕਿੱਥੋਂ ਕਿੱਥੋਂ ਆਉਂਦੀਆ ਚੱਲਕੇ।

ਮੇਰਾ ਜੀਅ ਕਰਦਾ ਸੀ ਕਿ ‘ਸੁਆਰੀਆਂ’ ਨਾਂ ਦੀ ਇਹ ਕਵਿਤਾ ਇੱਥੇ ਪੂਰੀ ਸਾਂਝੀ ਕਰਾਂ। ਕਿਉਂਕਿ ਅੱਜ ਦੀ ਕਵਿਤਾ ਸਤਰਾਂ ਦੀ ਜਾਂ ਵਿੱਚੋਂ ਵਿੱਚੋਂ ਪੈਰਿਆਂ ਦੀ ਕਵਿਤਾ ਨਹੀਂ। ਪੂਰੀ ਕਵਿਤਾ ਹੀ ਇੱਕ ਸੰਗਠਿਤ ਬਿੰਬ ਰਾਹੀਂ ਸਾਡੇ ਸਾਹਮਣੇ ਸਾਕਾਰ ਹੁੰਦੀ ਹੈ। ਇਸ ਕਵਿਤਾ ਦੀਆਂ ਸਵਾਰੀਆਂ ਸਿਰਫ਼ ਗੱਡੀ ਦੀਆਂ ਨਾ ਹੋ ਕੇ ਸਗੋਂ ਇਸ ਜਗਤ ਤਮਾਸ਼ੇ ਦੀਆਂ ਹਿੱਸਾ ਨੇ। ਚਾਰ ਘੜੀਆਂ ਦਾ ਸਫ਼ਰ ਹੀ ਯੁੱਗਾਂ ਦਾ ਸਫ਼ਰ ਹੋ ਜਾਂਦਾ ਹੈ। ‘ਆਖਰ ਤੁਸੀਂ ਮੇਰੇ ਨਾਲ ਬੈਠੇ ਹੋ’ ਇਹ ਸਤਰ ਸਾਡੇ ਹੋਣ ਦੇ ਮਾਣ ਥੀਣ ਜੀਣ ਦੀ ਪੰਗਤੀ ਹੈ। ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਉਹ ਕਿੰਨਾ ਖ਼ਾਸ ਹੈ, ਉਹਦੇ ਨਾਲ ਬੈਠਣ ਵਾਲੇ ਗੱਲਾਂ ਤਾਂ ਜ਼ਰੂਰ ਕਰਨ। ਗੱਲਾਂ ਨਾਲ ਹੀ ਦਿਲ ਖੁੱਲ੍ਹਦਾ ਹੈ। ਇੱਥੇ ਹੀ ਦੇਖੇ ਦੇਖੇ ਚਿਹਰੇ ਆਪਣੇ ਹੀ ਇਧਰ ਉਧਰ ਬਿਖਰੇ ਪਏ ਚਿਹਰੇ ਹੁੰਦੇ ਨੇ, ਖ਼ੁਦ ਦੀ ਤਲਾਸ਼ ਦਾ ਰਾਹ:

ਮੁਹੱਬਤ ਕਾਇਨਾਤ ਦੀ ਲਿੰਕ ਭਾਸ਼ਾ

ਇਹ ਗਿਆਨ ਮੈਨੂੰ ਟਰੇਨ ਨੇ ਦਿੱਤਾ

ਅਗਲਾ ਭਾਗ ‘ਪਿਘਲੇ ਸ਼ਬਦ’ ਹੈ। ਸ਼ਬਦਾਂ ਦਾ ਪਿਘਲਣਾ, ਅਸਲ ਵਿੱਚ ਮਨ ਦਾ ਪਿਘਲਣਾ ਹੀ ਹੁੰਦਾ ਹੈ। ਦੁੱਖ ਸੁਖ, ਖ਼ੁਸ਼ੀ ਗਮੀ, ਸੰਜੋਗ ਵਿਜੋਗ, ਜਿੱਤ ਹਾਰ ਬੰਦੇ ਨੂੰ ਪਿਘਲਾ ਦਿੰਦਾ ਹੈ। ਇਹੀ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਕਵਿਤਾ ਇਨ੍ਹਾਂ ਅਹਿਸਾਸਾਂ ਨੂੰ ਆਪਣੇ ਤਰੀਕੇ ਨਾਲ ਦਰਸਾਉਂਦੀ ਹੈ। ਇਹੋ ਤਰੀਕਾ ਸ਼ਮੀਲ ਨੂੰ ਦੂਜਿਆਂ ਤੋਂ ਨਿਖੇੜਦਾ ਹੈ। ਇਹਦੀ ਕਵਿਤਾ ਸ਼ਬਦ ਲਈ ਚੁੱਪ ਨੂੰ ਆਧਾਰ ਦਿੰਦੀ ਹੈ ਜਿੱਥੇ ਸ਼ਬਦ ਆਪਣੇ ਅਨੇਕਾਂ ਰੰਗਾਂ ਰੂਪਾਂ ਵਿੱਚ ਪ੍ਰਗਟ ਕਰਦਾ ਹੈ:

ਬਲਦੀਆਂ ਬੁਝਦੀਆਂ ਇਨ੍ਹਾਂ ਰੌਸ਼ਨੀਆਂ ਵਿੱਚ

ਇਹ ਜੋ ਦੀਵੇ ਚੁੱਪ ਜਿਹੇ/ ਇਹ ਮੇਰੀ ਚੁੱਪ ਦੇ ਸਾਥੀ

ਜੀ ਕਰਦਾ ਹੈ ਇਨ੍ਹਾਂ ਨੂੰ ਕਹਾਂ

ਕਿ ਡਾਰ ਬਣਕੇ ਉੱਡ ਜਾਣ ਤੇਰੇ ਦੇਸ

ਤੇਰੀ ਚੁੱਪ ਨੂੰ ਮੇਰੀ ਚੁੱਪ ਦੀ ਖਬਰ ਦੇਣ (ਪੰਨਾ 81)

ndash;

ਜੀਅ ਕਰਦਾ ਤੈਨੂੰ

ਜ਼ੋਰ ਦੀ ਅਵਾਜ਼ ਮਾਰਾਂ, ਚੁੱਪ ਚਾਪ

ਕਿ ਦੇਵਤਿਆਂ ਦਾ ਸਿੰਘਾਸਣ- ਕੰਬ ਜਾਏ

ਅਸਮਾਨ ਵਿੱਚ ਤਰੇੜ ਪੈ ਜਾਵੇ

ਇਸ ਤੋਂ ਵੱਧ ਖ਼ਾਮੋਸ਼ੀ ਨਾਲ

ਮੈਂ ਐਨੀ ਉੱਚੀ ਅਵਾਜ਼ ਨਹੀਂ ਮਾਰ ਸਕਦਾ

ਸੁੱਤੀ ਕਾਇਨਾਤ ਜਾਗ ਜਾਵੇਗੀ (ਪੰਨਾ 111)

ਇਨ੍ਹਾਂ ਪੰਗਤੀਆਂ ਵਿੱਚ ਤੈਨੂੰ/ ਤੇਰਾ ਕੁਝ ਨਹੀਂ, ਅਸਲ ਵਿੱਚ ਇਹ ਮੈਨੂੰ/ ਮੇਰਾ ਹੀ ਹੈ। ਬੰਦਾ ਲੱਭਣ ਲੱਗਦਾ ਹੈ: ਉਹਨੇ ਖ਼ੁਦ ਨੂੰ ਕਦੋਂ ਮਾਰੀ ਹੈ ਜ਼ੋਰ ਦੀ ਅਵਾਜ਼, ਉਹ ਵੀ ਚੁੱਪ ਚਾਪ? ਤੇ ਅਗਲੀਆਂ ਸਤਰਾਂ ‘ਚ ਤਾਂ ਸੰਵੇਦਨਸ਼ੀਲਤਾ ਦੀ ਸਿਖਰ ਹੈ। ਏਥੇ ਹੀ ਸਾਹਾਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਮੁਹੱਬਤ ਹੋਰ ਕੀ ਹੁੰਦੀ ਹੈ? ਅਜਿਹਾ ਤਾਜ਼ਾਪਣ ਪੰਜਾਬੀ ਕਵਿਤਾ ਲਈ ਕਿੰਨਾ ਜ਼ਰੂਰੀ ਹੈ।

ਸ਼ਮੀਲ ਆਪਣੀ ਅਤੇ ਸਮਕਾਲੀ ਕਵਿਤਾ ਨਾਲ ਬਹੁਤ ਗਹਿਰਾਈ ਤੋਂ ਜੁੜਿਆ ਹੋਇਆ ਹੈ। ਉਹਨੇ ਆਪਣੀ ਹਰ ਕਿਤਾਬ ਵਿੱਚ ਆਪਣੀ ਅਤੇ ਸਮਕਾਲੀ ਕਵਿਤਾ ਬਾਰੇ ਵਿਲੱਖਣ ਵਿਚਾਰ ਵੀ ਸਾਂਝੇ ਕੀਤੇ ਹਨ। ‘ਰੱਬ ਦਾ ਸੁਰਮਾ’ ਵਿੱਚ ਉਹਨੇ ‘ਜੋ ਦੁਖਦਾ ਉਹੀ ਹਰਾ’ ਸਿਰਲੇਖ ਹੇਠ ਮਹੱਤਵਪੂਰਨ ਲੇਖ ਲਿਖਿਆ ਹੈ ਜਿਸ ਵਿੱਚ ਕਵਿਤਾ ਦੀ ਹੋਂਦ ਅਤੇ ਸਮਾਜ ਨਾਲ ਇਸ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਜਿਵੇਂ ਕੁਝ ਕਵਿਤਾਵਾਂ ਦੇ ਹਵਾਲੇ ਨਾਲ ਉਪਰ ਵੀ ਗੱਲ ਕੀਤੀ ਹੈ, ਇਸ ਲੇਖ ਵਿੱਚ ਸ਼ਮੀਲ ਮਨੁੱਖ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕਰਦਾ ਹੈ ਜੋ ਸਿਰਫ਼ ਇਨਸਾਨ ਦਾ ਹੀ ਗੁਣ ਹੈ। ਇਹ ਮਸ਼ੀਨਾਂ ਵਿੱਚ ਕਦੇ ਵੀ ਪੈਦਾ ਨਹੀਂ ਕੀਤੇ ਜਾ ਸਕਦੇ। ਮਸ਼ੀਨਾਂ ਦੀ ਹਰ ਤਰੀਕੇ ਗੁੰਝਲਦਾਰ ਪ੍ਰੋਗਰਾਮਿੰਗ ਹੋ ਸਕਦੀ ਹੈ ਪਰ ਉਹ ਨੈਤਿਕ ਫ਼ੈਸਲੇ ਨਹੀਂ ਲੈ ਸਕਣਗੀਆਂ। ਕਵੀ ਦਾ ਇਹ ਵਿਸ਼ਵਾਸ ਕਿੰਨਾ ਪੱਕਾ ਹੈ ਕਿ ਅੱਜ ਦੇ ਵੇਲਿਆਂ ਵਿੱਚ ਕਵਿਤਾ ਹੀ ਇਨਸਾਨ ਦੀ ਆਵਾਜ਼ ਹੋਵੇਗੀ। ਸ਼ਮੀਲ ਦੀ ਕਵਿਤਾ ਪੜ੍ਹਦਿਆਂ ਮੈਂ ਆਪਣੀ ਉਸ ‘ਮੈਂ’ ਨੂੰ ਵੀ ਮਿਲ ਕੇ ਹੈਰਾਨ ਹੋਇਆ ਹਾਂ, ਜੋ ਮੇਰੇ ਤੋਂ ਹੀ ਕਿਧਰੇ ਇਧਰ ਉਧਰ ਹੋ ਗਈ ਸੀ। ਤੁਹਾਨੂੰ ਇਹ ਕਵਿਤਾ ਪੜ੍ਹਨ ਦਾ ਸੱਦਾ ਦਿੰਦਿਆਂ ਮੈਂ ਧੁਰ ਅੰਦਰੋਂ ਇਹੀ ਆਖਦਾ ਹਾਂ: ਕਵਿਤਾਵਾਂ ਦੇਖੋ ਕਿੱਥੋਂ ਕਿੱਥੋਂ ਆਉਂਦੀਆਂ ਚੱਲ ਕੇ!

ਸੰਪਰਕ: 98723-75898

Advertisement
Advertisement