ਸ਼ਮਸ਼ੇਰ ਸੰਧੂ ਦਾ ਪਲੇਠਾ ਕਾਵਿ ਸੰਗ੍ਰਹਿ ‘ਕਿੱਥੇ ਖੋ ਗਏ ਚੱਜ ਦੇ ਬੰਦੇ’ ਰਿਲੀਜ਼
ਪੱਤਰ ਪ੍ਰੇਰਕ
ਚੰਡੀਗੜ੍ਹ, 20 ਦਸੰਬਰ
ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਵੱਲੋਂ ਖੇਡਾਂ ਪ੍ਰਤੀ ਆਪਣੇ ਮੋਹ-ਪਿਆਰ ਨੂੰ ਜ਼ਾਹਰ ਕਰਦਾ ਲਿਖਿਆ ਗਿਆ ਪਲੇਠਾ ਕਾਵਿ ਸੰਗ੍ਰਹਿ ‘ਕਿੱਥੇ ਖੋ ਗੋਏ ਚੱਜ ਦੇ ਬੰਦੇ’ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਖਿਡਾਰੀ ਗੁਰਜੰਟ ਸਿੰਘ ਵੱਲੋਂ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਵਿੱਚ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਮਸ਼ੇਰ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਇੱਕ ਨਾਮੀ ਗੀਤਕਾਰ ਦੀ ਕਿਤਾਬ ਰਿਲੀਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਕੀ ਕੈਂਪਾਂ ਦੌਰਾਨ ਸਮੂਹ ਖਿਡਾਰੀ ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗੀਤਾਂ ਨੂੰ ਸੁਣ ਕੇ ਵਾਰਮ-ਅੱਪ ਹੁੰਦੇ ਰਹੇ ਹਨ। ਪਹਿਲਾਂ ਉਹ ਸੰਧੂ ਦੇ ਲਿਖੇ ਗੀਤ ਜੋ ਸੁਰਜੀਤ ਬਿੰਦਰਖੀਆ, ਸਤਵਿੰਦਰ ਬਿੱਟੀ, ਸੁਰਜੀਤ ਖਾਨ ਆਦਿ ਦੀ ਜ਼ੁਬਾਨ ਤੋਂ ਸੁਣਦੇ ਸਨ ਪ੍ਰੰਤੂ ਹੁਣ ਉਹ ਸ਼ਮਸ਼ੇਰ ਸੰਧੂ ਦੀਆਂ ਕਵਿਤਾਵਾਂ ਵੀ ਪੜ੍ਹਨਗੇ। ਇਸ ਮੌਕੇ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਮਿੱਤਰ ਮੰਡਲੀ ਅਤੇ ਪਾਠਕਾਂ ਦੀ ਮੰਗ ’ਤੇ ਉਨ੍ਹਾਂ ਪਹਿਲੀ ਵਾਰ ਕਵਿਤਾਵਾਂ ਦੀ ਕਿਤਾਬ ਲਿਖੀ ਹੈ। ਭਾਵੇਂ ਇਹ ਉਨ੍ਹਾਂ ਦੀ ਨੌਵੀਂ ਪੁਸਤਕ ਹੈ ਪ੍ਰੰਤੂ ਕਾਵਿ-ਸੰਗ੍ਰਹਿ ਪਹਿਲਾ ਹੈ ਜਿਸ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ। ਇਸ ਦਾ ਮੁੱਖ ਬੰਧ ਮਹਾਨ ਸ਼ਾਇਰ ਸਰਜੀਤ ਪਾਤਰ ਨੇ ‘ਸ਼ਮਸ਼ੇਰ ਸੰਧੂ ਦੀ ਚੌਥੀ ਕੂਟ’ ਸਿਰਲੇਖ ਹੇਠ ਲਿਖਿਆ ਹੈ। ਪਾਤਰ ਦੀ ਇਹ ਆਖਰੀ ਰਚਨਾ ਹੈ ਜਿਸ ਵਿੱਚ ਉਨ੍ਹਾਂ ਸੰਧੂ ਦਾ ਗੀਤਾਂ, ਕਹਾਣੀਆਂ ਤੇ ਵਾਰਤਕ ਤੋਂ ਬਾਅਦ ਕਵਿਤਾ ਦੇ ਖੇਤਰ ਵਿੱਚ ਦਾਖਲੇ ਲਈ ਸਵਾਗਤ ਕਰਦਿਆਂ ਯੂਨੀਵਰਸਿਟੀ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ। ਪੁਸਤਕ ਦੇ ਕਵਰ ’ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਵੀ ਦੀ ਵਿਦਿਆਰਥੀ ਜੀਵਨ ਤੋਂ ਸਾਹਿਤਕ ਰੁਚੀਆਂ ਤੱਕ ਸਫ਼ਰ ਬਾਰੇ ਝਾਤ ਪਾਈ ਹੈ।