ਸ਼ਤਰੰਜ: ਏਸ਼ਿਆਈ ਬਲਿਟਜ਼ ਚੈਂਪੀਅਨਸ਼ਿਪ ’ਚ ਕਾਰਤੀਕੇਅਨ ਤੇ ਰਾਊਤ ਚੌਥੇ ਸਥਾਨ ’ਤੇ
ਅਲ ਐਨ (ਯੂਏਈ), 11 ਮਈ
ਭਾਰਤੀ ਗਰੈਂਡਮਾਸਟਰ ਮੁਰਲੀ ਕਾਰਤੀਕੇਅਨ ਏਸ਼ਿਆਈ ਵਿਅਕਤੀਗਤ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਚੌਥੇ ਸਥਾਨ ’ਤੇ ਰਿਹਾ, ਜਦਕਿ ਪਦਮਿਨੀ ਰਾਊਤ ਵੀ ਮਹਿਲਾ ਵਰਗ ਵਿੱਚ ਚੌਥੇ ਸਥਾਨ ’ਤੇ ਰਹਿੰਦਿਆਂ ਸਿਖਰਲੀ ਭਾਰਤੀ ਖਿਡਾਰਨ ਬਣ ਕੇ ਉਭਰੀ।

ਰੂਸ ਦੇ 15 ਸਾਲਾ ਗਰੈਂਡਮਾਸਟਰ ਇਵਾਨ ਜ਼ੇਮਲਯਾਂਸਕੀਆ ਨੇ ਓਪਨ ਸ਼੍ਰੇਣੀ ਦਾ ਖਿਤਾਬ ਜਿੱਤਿਆ। ਹਾਲਾਂਕਿ ਉਹ ਇਸ ਟੂਰਨਾਮੈਂਟ ਵਿੱਚ ਐੱਫਆਈਡੀਈ ਦੇ ਝੰਡੇ ਹੇਠ ਖੇਡ ਰਿਹਾ ਸੀ। ਉਸ ਨੇ ਨੌਂ ’ਚੋਂ ਅੱਠ ਅੰਕ ਪ੍ਰਾਪਤ ਕੀਤੇ। ਇਰਾਨ ਦਾ 15 ਸਾਲਾ ਸਿਨਾ ਮੋਹਾਵੇਦ 7.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਰੂਸ ਦੇ ਰੁਦਿਕ, ਕਾਰਤੀਕੇਅਨ ਅਤੇ ਭਾਰਤ ਦੇ ਨੀਲੇਸ਼ ਸਾਹਾ ਦੇ ਸੱਤ-ਸੱਤ ਅੰਕ ਸਨ ਪਰ ਬਿਹਤਰ ਟਾਈ-ਬ੍ਰੇਕ ਸਕੋਰ ਕਾਰਨ ਰੁਦਿਕ ਤੀਜੇ, ਕਾਰਤੀਕੇਅਨ ਚੌਥੇ ਅਤੇ ਸਾਹਾ ਪੰਜਵੇਂ ਸਥਾਨ ’ਤੇ ਰਿਹਾ। ਮਹਿਲਾ ਵਰਗ ਵਿੱਚ ਕਜ਼ਾਖਸਤਾਨ ਦੀ ਅਲੂਆ ਨੂਰਮਨ 7.5 ਅੰਕਾਂ ਨਾਲ ਰੂਸ ਦੀ ਵੈਲੇਨਟੀਨਾ ਗੁਨੀਨਾ ਨੂੰ ਪਛਾੜ ਕੇ ਚੈਂਪੀਅਨ ਬਣੀ। ਚੀਨ ਦੀ ਯੁਕਸਿਨ ਸੋਂਗ ਬਿਹਤਰ ਟਾਈਬ੍ਰੇਕ ਸਕੋਰ ਦੇ ਆਧਾਰ ’ਤੇ ਪਦਮਿਨੀ ਤੋਂ ਅੱਗੇ ਤੀਜੇ ਸਥਾਨ ’ਤੇ ਰਹੀ। -ਪੀਟੀਆਈ