ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਵਿਆਹੁਤਾ ਵੱਲੋਂ ਖ਼ੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਦਸੰਬਰ
ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲੀਸ ਨੇ ਛੇ ਔਰਤਾਂ ਸਮੇਤ 12 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੈਲਟਾ ਸਿਟੀ ਪਿੰਡ ਰਣੀਆਂ ਵਾਸੀ ਪ੍ਰੇਮ ਲਤਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸ਼ੈਫਾਲੀ ਸ਼ਰਮਾ ਦੀ ਸ਼ਾਦੀ ਤੇਜਿੰਦਰਵੀਰ ਸਿੰਘ ਨਾਲ 9 ਨਵੰਬਰ 2023 ਨੂੰ ਹੋਈ ਸੀ। ਸ਼ਾਦੀ ਤੋਂ ਕੁੱਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਹੋਰ ਦਾਜ ਲਿਆਉਣ ਸ਼ੈਫਾਲੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਲੰਘੀ 20 ਨਵੰਬਰ ਨੂੰ ਸਹੁਰਾ ਪਰਿਵਾਰ ਨੇ ਸ਼ਿਫਾਲੀ ਦੀ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਫਿਰ 5 ਦਸੰਬਰ ਨੂੰ ਉਸ ਦੀ ਬੇਟੀ ਨਾਲ ਪਤੀ ਤੇ ਸੱਸ ਵੱਲੋਂ ਝਗੜਾ ਕੀਤਾ ਗਿਆ ਸੀ। ਅਗਲੇ ਦਿਨ ਸ਼ੈਫਾਲੀ ਅਤੇ ਉਸ ਦਾ ਪ੍ਰਤੀ ਕਿਰਾਏ ਦਾ ਮਕਾਨ ਲੱਭਦੇ ਰਹੇ ਅਤੇ ਸ਼ਾਮ ਨੂੰ ਉਸ ਪਾਸ ਆ ਗਏ। ਰਾਤ ਨੂੰ ਤੇਜਿੰਦਰਵੀਰ ਸਿੰਘ ਕਿਧਰੇ ਚਲਾ ਗਿਆ ਤੇ ਵਾਪਸ ਨਹੀਂ ਆਇਆ, ਜਿਸ ਤੋਂ ਤੰਗ ਆ ਕੇ ਲੜਕੀ ਸ਼ਿਫਾਲੀ ਸ਼ਰਮਾ ਨੇ ਕੁਝ ਗੋਲੀਆ ਖਾ ਲਈਆਂ। ਉਲਟੀਆਂ ਕਾਰਨ ਸ਼ੈਫਾਲੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤੇ ਡੀਐੱਮਸੀ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤੇਜਿੰਦਰਵੀਰ ਸਿੰਘ, ਉਸ ਦੀ ਮਾਂ ਰਾਜਬੀਰ ਕੌਰ, ਉਸ ਦੇ ਭਰਾ ਮਨਿੰਦਰਵੀਰ ਸਿੰਘ, ਉਸ ਦੀ ਪਤਨੀ ਸ਼ਰਨਜੀਤ ਕੌਰ, ਹਰਸ਼ਵਰਧਨ, ਸ਼ਵੇਤਾ, ਕਾਕੂ, ਮਨੀ, ਅਮਰੀਕ, ਬਬਰੀ, ਬੱਬਲ ਲੇਡੀ ਅਤੇ ਸ਼ਰੂਤੀ ਵਾਸੀਆਨ ਪਿੰਡ ਦੋਰਾਹਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।