ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਅੱਜ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਕਥਾ ਕੀਰਤਨ ਮਗਰੋਂ ਪੰਥਕ ਕਵੀਆਂ ਚਰਨਜੀਤ ਸਿੰਘ ਚੰਨ, ਜੋਗਿੰਦਰ ਸਿੰਘ ਕੰਗ, ਹਰਦੇਵ ਸਿੰਘ ਕਲਸੀ ਅਤੇ ਭੁਪਿੰਦਰ ਸਿੰਘ ਸੈਣੀ ਨੇ ਕਵਿਤਾਵਾਂ ਰਾਹੀ ਸਿੱਖ ਇਤਿਹਾਸ ਤੇ ਚਾਨਣਾ ਪਾਇਆ। ਗੁਰਮੀਤ ਸਿੰਘ ਕੋਚਰ ਨੇ ਸਿਰਸਾ ਨਦੀ ਦੇ ਵਿਛੋੜੇ ਤੋਂ ਲੈ ਕੇ ਨੀਹਾਂ ਤੱਕ ਕਵਿਤਾ ਪੇਸ਼ ਕਰਕੇ ਸੰਗਤ ਨੂੰ ਭਾਵੁਕ ਕਰ ਦਿੱਤਾ।
ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਸਟੇਜ ਸੰਚਾਲਨ ਕਰਦਿਆਂ ਗੁਰਦਆਰਾ ਕਮੇਟੀ ਵੱਲੋਂ ਸੰਗਤ ਅਤੇ ਕਵੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਵੀ ਜੋਗਿੰਦਰ ਸਿੰਘ ਕੰਗ ਵੱਲੋਂ ਗੁਰਦੀਪ ਸਿੰਘ ਲੀਲ, ਗੁਰਮੀਤ ਸਿੰਘ ਕੋਚਰ ਅਤੇ ਕਮਲਜੀਤ ਸਿੰਘ ਗਰੇਵਾਲ ਨੂੰ ਕਿਤਾਬਾਂ ਦਾ ਸੈੱਟ ਗੁਰਦਆਰਾ ਸਾਹਿਬ ਦੀ ਲਾਇਬਰੇਰੀ ਲਈ ਭੇਟ ਕੀਤਾ। ਮੁੱਖ ਸੇਵਾਦਾਰ ਜਥੇਦਾਰ ਨਛੱਤਰ ਸਿੰਘ ਨੇ ਸੰਗਤ ਨੂੰ ਜੀ ਆਇਆਂ ਕਿਹਾ। ਮਗਰੋਂ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਸਭ ਦਾ ਧੰਨਵਾਦ ਕਰਦਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ।
ਜਵੱਦੀ ਟਕਸਾਲ ਵਿੱੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿੱਚ ਸੰਤ ਅਮੀਰ ਸਿੰਘ ਦੀ ਅਗਵਾਈ ਹੇਠ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਤੇ ਹੋਰ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਨਾਮ ਸਿਮਰਨ ਸਮਾਗਮ ਹੋਇਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਤ ਅਮੀਰ ਸਿੰਘ ਨੇ ਆਨੰਦਪੁਰ ਸਾਹਿਬ, ਸਿਰਸਾ ਦੇ ਕੰਢੇ, ਚਮਕੌਰ ਸਾਹਿਬ ਆਦਿ ਯੁੱਧਾਂ ਤੇ ਸਰਹੰਦ ਦੀ ਦੀਵਾਰ ਦੇ ਇਤਿਹਾਸਕ ਹਵਾਲਿਆਂ ਦਿੰਦਿਆਂ ਸਿੱਖ ਇਤਿਹਾਸ ਦੇ ਸ਼ਹੀਦਾਂ ਸਬੰਧੀ ਭਰਪੂਰ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਸਾਨੂੰ ਅਜੋਕੀਆਂ ਕੌਮੀ ਚਣੌਤੀਆਂ ਦੇ ਬਾਵਜੂਦ ਚੜ੍ਹਦੀ ਕਲਾ ਕਾਇਮ ਰੱਖਣੀ ਚਾਹੀਦੀ ਹੈ। ਇਸ ਮੌਕੇ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਰਾਹੀਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਮਗਰੋਂ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।