ਸਹਿਨਾਲ-ਗੁਰੂਸਰ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ
ਪੱਤਰ ਪ੍ਰੇਰਕ
ਰਤੀਆ, 6 ਫਰਵਰੀ
ਹਲਕੇ ਵਿੱਚ ਪਿੰਡ ਸਹਿਨਾਲ ਤੋਂ ਲੈ ਕੇ ਗੁਰੂਸਰ ਤੱਕ ਖਸਤਾ ਹਾਲਤ ਸੜਕ ਕਾਰਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਲੋਕਾਂ ਵੱਲੋਂ ਹਲਕਾ ਵਿਧਾਇਕ ਲਛਮਣ ਨਾਪਾ ਅਤੇ ਐਸਡੀਐਮ ਜਗਦੀਸ਼ ਚੰਦਰ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਮੰਗ ਪੱਤਰ ਦੇ ਕੇ ਸੜਕ ਦੀ ਉਸਾਰੀ ਕਰਨ ਦੀ ਅਪੀਲ ਕੀਤੀ। ਜ਼ਿਲ੍ਹਾ ਪਰਿਸ਼ਦ ਮੈਂਬਰ ਬੰਟੀ ਸਿਹਾਗ, ਸਰਪੰਚ ਵਕੀਲ ਸਿੰਘ ਉਰਫ ਪਾਪਲੀ, ਹਰਵਿੰਦਰ ਸਿੰਘ ਸਿੱਧੂ ਹਸੰਗਾ, ਰਾਮੂ ਪੂਨੀਆ, ਰਾਏ ਸਿੰਘ ਖਿਲੇਰੀ, ਜੰਗੀਰ ਸਿੰਘ ਨੰਬਰਦਾਰ, ਰਮੇਸ਼ ਖਿਲੇਰੀ, ਬਲਵਿੰਦਰ ਸਿੰਘ ਸਿੱਧੂ ਤੇ ਸੂਰਜ ਭਾਨ ਸਿੰਘ ਸਿਹਾਗ ਸਣੇ ਹੋਰਾਂ ਦੱਸਿਆ ਕਿ ਰਤੀਆ ਉਪ ਮੰਡਲ ਦੇ ਪਿੰਡ ਸਹਿਨਾਲ ਤੋਂ ਲੈ ਕੇ ਗੁਰੂਸਰ ਪਿੰਡ ਤੱਕ ਲਗਪਗ 4 ਕਿਲੋਮੀਟਰ ਸੜਕ ਕਾਫ਼ੀ ਖਸਤਾ ਹੈ। ਸੜਕ ਵਿਚ ਕਾਫ਼ੀ ਡੂੰਘੇ ਖੱਡੇ ਪੈ ਗਏ ਹਨ ਤੇ ਹਾਦਸੇ ਵਾਪਰਨ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਵਿਭਾਗ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਚੌੜਾਈ ਵੀ ਕਾਫ਼ੀ ਘੱਟ ਹੈ, ਜਿਸ ਕਾਰਨ ਜਦੋਂ ਦੋ ਵਾਹਨ ਆਹਮੋ ਸਾਹਮਣੇ ਤੋਂ ਲੰਘਦੇ ਹਨ ਤਾਂ ਵਾਹਨ ਦੇ ਟੋਇਆਂ ਵਿਚ ਡਿੱਗਣ ਦਾ ਖਤਰਾ ਰਹਿੰਦਾ ਹੈ। ਵਿਧਾਇਕ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਐੱਸ.ਡੀ.ਐੱਮ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰੀਖਣ ਕਰਕੇ ਸੜਕ ਦੀ ਉਸਾਰੀ ਦੇ ਨਿਰਦੇਸ਼ ਦਿੱਤੇ ਹਨ। ਵਿਧਾਇਕ ਨਾਪਾ ਨੇ ਕਿਹਾ ਕਿ ਜਦੋਂ ਤੱਕ ਨਵੀਂ ਸੜਕ ਨਹੀਂ ਬਣ ਜਾਂਦੀ, ਉਦੋਂ ਤੱਕ ਟੋਇਆਂ ਨੂੰ ਭਰ ਕੇ ਕੰਮ ਚਲਾਇਆ ਜਾਵੇਗਾ।