ਰਾਮ ਗੋਪਾਲ ਰਾਏਕੋਟੀਰਾਏਕੋਟ, 12 ਦਸੰਬਰਪਿੰਡ ਤਾਜਪੁਰ ਵਿੱਚ ਹੋਣ ਵਾਲੀ ਪਿੰਡ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਦੇ ਸਬੰਧ ’ਚ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਰਿਟਰਨਿੰਗ ਅਫ਼ਸਰ ਨੇ 8 ਮੈਂਬਰਾਂ ਨੂੰ ਜੇਤੂ ਕਰਾਰ ਦੇ ਕੇ ਬਾਕੀ 16 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ। ਇਸ ਮੌਕੇ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਭਾ ਦੇ ਗੇਟ ਅੱਗੇ ਧਰਨਾ ਲਾ ਦਿੱਤਾ ਅਤੇ ਇਸ ਕਾਰਵਾਈ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦਿੰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹ ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ ਪਰ ਸ਼ਾਮ ਵੇਲੇ ਪੁਲੀਸ ਨੇ ਧਰਨਾਕਾਰੀਆਂ ਨੂੰ ਹਟਾਉਣ ਲਈ ਬਲ ਦੀ ਵਰਤੋਂ ਕੀਤੀ ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਇਸ ਝੜਪ ਵਿੱਚ ਧਰਨਾਕਾਰੀਆਂ ਵਿੱਚੋਂ ਦੋ ਜਣਿਆਂ ਨੂੰ ਸੱਟਾਂ ਲੱਗੀਆਂ ਹਨ। ਜਦਕਿ ਐੱਸਡੀਐੱਮ ਸਿਮਰਦੀਪ ਸਿੰਘ ਦਾ ਕਹਿਣਾ ਹੈ ਕਿ ਧਰਨਾਕਾਰੀਆਂ ਨੇ ਕੁਝ ਮੁਲਾਜ਼ਮਾਂ ਨੂੰ ਸਹਿਕਾਰੀ ਸਭਾ ਦੇ ਦਫ਼ਤਰ ਅੰਦਰ ਬੰਦ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਛੁਡਵਾਉਣ ਲਈ ਹਲਕੇ ਬਲ ਦੀ ਵਰਤੋਂ ਕਰਨੀ ਪਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਥੇ ਪਹਿਲਾਂ ਹੀ ਵੱਡੀ ਗਿਣਤੀ ’ਚ ਪੁਲੀਸ ਮੁਲਜ਼ਮ ਤਾਇਨਾਤ ਕੀਤੇ ਗਏ ਸਨ। ਰੋਸ ਧਰਨੇ ਦੀ ਖ਼ਬਰ ਮਿਲਣ ਮਗਰੋਂ ਐੱਸਡੀਐੱਮ ਸਿਮਰਨਦੀਪ ਸਿੰਘ ਤੇ ਡੀਐੱਸਪੀ ਹਰਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਸੀ ਪਰ ਧਰਨਾਕਾਰੀ ਡਟੇ ਹੋਏ ਰਹੇ। ਉਨ੍ਹਾਂ ਦਾ ਦੋਸ਼ ਸੀ ਕਿ ਸੱਤਾਧਾਰੀ ਧਿਰ ’ਨੇ ਧੱਕੇ ਨਾਲ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਹਨ।ਇਸ ਸਬੰਧੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਤੇ ਮੌਜੂਦਾ ਸਰਪੰਚ ਹਰਦੇਵ ਕੌਰ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਹਕੀਮਾਂ ਤੇ ਪਿੰਡ ਤਾਜਪੁਰ ਦੀ ਸਾਂਝੀ ‘ਦਿ ਤਾਜਪੁਰ ਬਹੁਮੰਤਵੀ ਸਹਿਕਾਰੀ ਸਭਾ’ ਦੀ ਕੱਲ੍ਹ ਹੋਣ ਵਾਲੀ ਚੋਣ ਦੇ ਸਬੰਧ ਵਿੱਚ ਅੱਜ ਨਾਮਜ਼ਦਗੀਆਂ ਭਰੀਆਂ ਗਈਆਂ ਸਨ ਤੇ ਕੁਲ 24 ਉਮੀਦਵਾਰਾਂ ਨੇ ਪਰਚੇ ਭਰੇ ਸਨ। ਪਰ ਸ਼ਾਮ ਮੌਕੇ ਰਿਟਰਨਿੰਗ ਅਫ਼ਸਰ ਨੇ 16 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਬਾਰੇ ਦੱਸਿਆ, ਜਦਕਿ ‘ਆਪ’ ਦੇ ਸਾਰੇ 8 ਉਮੀਦਵਾਰਾਂ ਦੇ ਪਰਚੇ ਸਹੀ ਦੱਸੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਰੱਦ ਕੀਤੇ ਪਰਚੇ ਬਹਾਲ ਕਰਕੇ ਕਿਸੇ ਹੋਰ ਅਧਿਕਾਰੀ ਦੀ ਦੇਖ-ਰੇਖ ਹੇਠ ਚੋਣ ਕਰਵਾਈ ਜਾਵੇ ਨਹੀਂ ਤਾਂ ਇਹ ਧਰਨਾ ਜਾਰੀ ਰਹੇਗਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਰਪੰਚ ਹਰਦੇਵ ਕੌਰ, ਪੰਚ ਬਹਾਦਰ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਬਲਜੀਤ ਕੌਰ, ਕੁਲਦੀਪ ਸਿੰਘ, ਗੁਰਦਿਆਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਸ਼ਾਮਲ ਸਨ।ਇਸ ਸਬੰਧ ’ਚ ਰਿਟਰਨਿੰਗ ਅਧਿਆਕਾਰੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਖ਼ੁਦ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰੱਦ ਕੀਤੇ ਗਏ ਸਾਰੇ ਨਾਮਜ਼ਦਗੀ ਪਰਚੇ ਸਹੀ ਨਾ ਭਰੇ ਜਾਣ ਕਰਕੇ ਪੜਤਾਲ ਦੌਰਾਨ ਗਲਤ ਪਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ।