ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਵਰਨਜੀਤ ਸਵੀ ਦੀ ਕਵਿਤਾ, ਕਲਾ ਅਤੇ ਜੀਵਨ ਦੇ ਦਰਸ਼ਨ

04:11 AM May 28, 2025 IST
featuredImage featuredImage

ਬਰੈਂਪਟਨ: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੀ ਅਗਵਾਈ ਹੇਠ ‘ਸਿਰਜਣਾ ਦੇ ਆਰ ਪਾਰ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਦੇ ਉੱਘੇ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਚਿੱਤਰਕਾਰ ਸਵਰਨਜੀਤ ਸਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ‘ਸਿਰਜਣਾ ਦੇ ਆਰ ਪਾਰ’ ਪ੍ਰੋਗਰਾਮ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਵਿੱਚ ਹੁਣ ਤੱਕ 40 ਨਾਮਵਰ ਸ਼ਖ਼ਸੀਅਤਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾ ਚੁੱਕਾ ਹੈ।
ਪ੍ਰੋਗਰਾਮ ਦੇ ਆਰੰਭ ਵਿੱਚ ਰਿੰਟੂ ਭਾਟੀਆ ਨੇ ਸਵਰਨਜੀਤ ਸਵੀ ਦੀ ਰਚਨਾ ਸੁਣਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਉਪਰੰਤ ਸੁਰਜੀਤ ਨੇ ਸਵਰਨਜੀਤ ਸਵੀ ਨੂੰ ਜੀ ਆਇਆਂ ਕਹਿੰਦਿਆਂ ਉਸ ਨੂੰ ਪੰਜਾਬੀ ਦਾ ਸਮਰੱਥ ਅਤੇ ਚਿੰਤਨਸ਼ੀਲ ਕਵੀ ਦੱਸਿਆ ਤੇ ਇੱਕ ਕੁਸ਼ਲ ਪ੍ਰਬੰਧਕ ਦੇ ਤੌਰ ’ਤੇ ਵੀ ਉਸ ਦੀ ਸ਼ਲਾਘਾ ਕੀਤੀ। ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਪ੍ਰੋ. ਕੁਲਜੀਤ ਕੌਰ ਨੇ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਜੋ ਮਸਨੂਈ ਬੁੱਧੀ ਬਾਰੇ ਰਚੀਆਂ ਰਚਨਾਵਾਂ ਵਾਲੀ ਇੱਕ ਵਿਲੱਖਣ ਤੇ ਵਿਸ਼ੇਸ਼ ਪੁਸਤਕ ਹੈ, ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਪੁਸਤਕ ਨੇ ਪੰਜਾਬੀ ਪਾਠਕਾਂ ਦਾ ਤੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਮੌਕੇ ਸਵੀ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੀ ਮੁੱਢਲੀ ਵਿੱਦਿਆ, ਉੱਚ ਵਿੱਦਿਆ ਤੇ ਕਲਾ ਨਾਲ ਸਾਂਝ ਬਣਨ ਤੇ ਫਿਰ ਕਵੀ ਬਣਨ ਤੱਕ ਦੇ ਸਫ਼ਰ ਨੂੰ ਬੜੇ ਹੀ ਦਿਲਚਸਪ ਢੰਗ ਨਾਲ ਦਰਸ਼ਕਾਂ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਜੀਵਨ ਵਿੱਚ ਆਪਣੇ ਦਾਦਾ ਜੀ ਦਾ ਵਿਸ਼ੇਸ਼ ਯੋਗਦਾਨ ਦੱਸਿਆ। ਸਵੀ ਨੇ ਸਕੂਲ ਜਾਣ ਵੇਲੇ ਕਲਮਾਂ ਘੜਨ ਵਾਲੇ ਇੱਕ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਵੀ ਕੀਤਾ ਜੋ ਹਰ ਚੰਗੇ ਵਿਦਿਆਰਥੀ ਨੂੰ ਲਿਖਤ ਦੇਖ ਕੇ ਕਲਮ ਇਨਾਮ ਦਿੰਦਾ ਸੀ। ਇਹ ਉਸ ਵਾਸਤੇ ਪ੍ਰੇਰਨਾ ਦਾ ਇੱਕ ਸਮਾਂ ਸੀ। ਉਸ ਤੋਂ ਬਾਅਦ ਉਸ ਨੇ ਆਪਣਾ ਜਗਰਾਓ ਤੋਂ ਲੁਧਿਆਣੇ ਆਉਣ ਦਾ ਸਫ਼ਰ ਤੇ ਫਿਰ ਉੱਚ ਸਿੱਖਿਆ ਵੱਲ ਆਪਣੇ ਵਧਦੇ ਕਦਮਾਂ ਦਾ ਜ਼ਿਕਰ ਕੀਤਾ। ਸਵੀ ਨੇ ਦੱਸਿਆ ਕਿ ਉਸ ਦੀ ਰੰਗਾਂ ਅਤੇ ਚਿੱਤਰਕਾਰੀ ਨਾਲ ਸਾਂਝ ਬਚਪਨ ਤੋਂ ਹੀ ਪੈ ਗਈ ਸੀ ਤੇ ਹੌਲੀ ਹੌਲੀ ਉਸ ਦੀ ਇਸ ਕਲਾ ਵਿੱਚ ਪੁਖਤਗੀ ਆਉਂਦੀ ਗਈ।
ਸਵਰਨਜੀਤ ਸਵੀ ਨੇ ਪੰਜਾਬ ਕਲਾ ਪਰਿਸ਼ਦ ਵੱਲੋਂ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਵਿੱਚ ਕਰਵਾਏ ਗਏ ਸਾਹਿਤਿਕ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ ਜਿਸ ਨੂੰ ਰਿਬੂਟਿੰਗ ਪੰਜਾਬ (ਪੁਨਰ ਸਿਰਜਣਾ ਪੰਜਾਬ) ਦੇ ਸਿਰਲੇਖ ਹੇਠ ਫਰਵਰੀ ਅਤੇ ਮਾਰਚ ਵਿੱਚ ਵੱਖ ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਸਾਹਿਤ ਕਲਾ ਕੇਂਦਰਾਂ ਵਿੱਚ ਕਰਵਾਇਆ ਗਿਆ। ਉਸ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ। ਸਮੁੱਚੇ ਤੌਰ ’ਤੇ ਇਸ ਪ੍ਰੋਗਰਾਮ ਵਿੱਚ ਸਵਰਨਜੀਤ ਸਵੀ ਨੇ ਜਿੱਥੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ, ਉੱਥੇ ਨਾਲ ਹੀ ਪੰਜਾਬੀ ਸਾਹਿਤ, ਪੰਜਾਬੀ ਕਲਾ ਦੇ ਸਨਮੁੱਖ ਚੁਣੌਤੀਆਂ ਦੀ ਗੱਲ ਵੀ ਕੀਤੀ ਤੇ ਨਾਲ ਹੀ ਮਸਨੂਈ ਬੁੱਧੀ ਨਾਲ ਹੋਣ ਵਾਲੇ ਹੈਰਾਨੀਜਨਕ ਪਰਿਵਰਤਨ ਅਤੇ ਮਨੁੱਖੀ ਜੀਵਨ ’ਤੇ ਪ੍ਰਭਾਵ ਦੀ ਵੀ ਖੁੱਲ੍ਹ ਕੇ ਚਰਚਾ ਕੀਤੀ।
ਪ੍ਰੋ. ਕੁਲਜੀਤ ਕੌਰ ਨੇ ਸਵੀ ਦੀਆਂ ਸਾਰੀਆਂ ਪੇਂਟਿੰਗਜ਼ ਦੀ ਡਾਕੂਮੈਂਟਰੀ ਬਣਾ ਕੇ ਸ਼ੇਅਰ ਕੀਤੀ ਜਿਸ ਨੂੰ ਸਭ ਨੇ ਪਸੰਦ ਕੀਤਾ। ਪ੍ਰੋਗਰਾਮ ਵਿੱਚ ਡਾ. ਬਲਜੀਤ ਕੌਰ ਰਿਆੜ (ਕਨਵੀਨਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ) ਨੇ ਸਵੀ ਦਾ ਪੰਜਾਬ ਕਲਾ ਪ੍ਰੀਸ਼ਦ ਰਾਹੀਂ ਪੰਜਾਬੀ ਸਾਹਿਤ ਦੇ ਵਿਕਾਸ ਤੇ ਨਵੀਂ ਪੀੜ੍ਹੀ ਦੇ ਵਿਕਾਸ ਵਿੱਚ ਨਿੱਗਰ ਯੋਗਦਾਨ ਦਾ ਜ਼ਿਕਰ ਕੀਤਾ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਨੇ ਵੀ ਸਵੀ ਬਾਰੇ ਚੰਦ ਸ਼ਬਦ ਕਹੇ। ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸਤਬੀਰ ਸਿੰਘ ਨੇ ਸਵੀ ਦੀਆਂ ਲਿਖਤਾਂ ਨੂੰ ਪ੍ਰਭਾਵਸ਼ਾਲੀ ਦੱਸਿਆ ਤੇ ਉਸ ਨਾਲ ਕੀਤੀ ਗਈ ਵਾਰਤਾਲਾਪ ਨੂੰ ਦਰਸ਼ਕਾਂ ਲਈ ਸੇਧ ਦੇਣ ਵਾਲੀ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਪ੍ਰੋਗਰਾਮ ਪ੍ਰਤੀ ਸਮੁੱਚੇ ਪ੍ਰਭਾਵ ਦੱਸੇ ਤੇ ਸਵੀ ਦੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਵੱਡੀ ਪ੍ਰਾਪਤੀ ਦੱਸਿਆ। ਗੁਰਚਰਨ ਸਿੰਘ ਜੋਗੀ ਨੇ ਕਿਹਾ ਕਿ ਉਹ ਦਿਲੋਂ ਸ਼ੁਕਰਗੁਜ਼ਾਰ ਹੈ ਕਿ ਸਵੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੰਚ ’ਤੇ ਆਏ ਅਤੇ ਵਿਚਾਰ ਪੇਸ਼ ਕੀਤੇ।
*ਖ਼ਬਰ ਸਰੋਤ: ਅੰਤਰਰਾਸ਼ਟਰੀ ਸਾਹਿਤਕ ਸਾਂਝਾਂ

Advertisement

Advertisement